ਪੰਨਾ:Alochana Magazine April-May 1963.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਆਣ ਵੜੇ ਹੋ । ਸਾਹਿੱਤਕਾਰ ਦੀ ਕਲਪਨਾਂ ਬੰਧਨਾਂ ਤੋਂ ਮੁਕਤ ਹੈ । ਉਹ ਵੇਖਦਾ ਹੈ ਕਿ ਜ਼ਿੰਦਗੀ ਕਿਸੇ ਬੱਝਵੇਂ ਨੇਮ ਜਾਂ ਨਿਆਇ ਦੇ ਅਧੀਨ ਹੋ ਕੇ ਨਹੀਂ ਵਗਦੀ । ਜ਼ਿੰਦਗੀ ਦਾ ਇਹ ਮਸਤਾਨਾਪਨ ਹੀ ਉਸਦੀਆਂ ਮਨੋਬਿਰਤੀਆਂ ਲਈ ਰੋਚਕ ਹੈ । ਪਰ ਇਸ ਦੇ ਉਲਟ ਮਨੋਵਿਗਿਆਨੀ, ਜੀਵਨ ਦੀਆਂ ਕਿਰਿਆਵਾਂ ਵਿਚ ਅਟਲ ਤੇ ਬੱਝਵੇਂ ਨੇਮਾਂ ਦਾ ਪ੍ਰਕਾਸ਼ ਵੇਖਦਾ ਹੈ । ਉਸਦਾ ਸਾਰਾ ਜਤਨ ਹੀ ਇਹਨਾਂ ਨੇਮਾਂ ਦੀ ਭਾਲ ਕਰਨ ਹਿੱਤ ਹੈ । ਇਥੋਂ ਤੀਕ ਕਿ ਮਾਨਸਿਕ ਕਿਰਿਆਵਾਂ ਦੇ ਜਿਸ ਖੇਤਰ ਵਿਚ ਇਹ ਨੇਮ ਸਹਜੇ ਹੀ ਨਜ਼ਰ ਨਹੀਂ ਸਨ ਆਏ (ਜਿਵੇਂ ਕਿ ਭਾਵਾਂ ਦੇ ਮਨੋਰਥਾਂ ਦੇ ਖੇਤਰ ਵਿਚ) ਉਸ ਖੇਤਰ ਨੂੰ ਸਨਾਤਨੀ ਮਨੋਵਿਗਿਆਨੀ ਦੀ ਨਜ਼ਰ ਵਿਚ ਬਹੁਤੀ ਮਹਾਨਤਾ ਵੀ ਪ੍ਰਾਪਤ ਨਹੀਂ ਸੀ ਹੋ ਸਕੀ ।

ਅਜਹੀ ਅਵਸਥਾ ਵਿਚ ਮਨੋਵਿਗਿਆਨ ਦੇ ਰੰਗ ਮੰਚ ਉਤੇ ਡਾਕਟਰ ਫਰਾਇਡ ਦਾ ਆਗਮਨ ਹੋਇਆ ਜਿਸ ਨੇ ਉਸ ਵਿਸ਼ਾਲ ਸਰਜ਼ਮੀਨ ਨੂੰ ਜਾਂਦੇ ਰਸਤੇ ਖੋਲ ਦਿਤੇ ਜਿਸ ਵਲੋਂ ਸਨਾਤਨੀ ਮਨੋਵਿਗਿਆਨੀ ਮਨਾਖੇ ਹੋਏ ਬੈਠੇ ਸਨ । ਡੂੰਘੀਆਂ, ਸੰਘਣੀਆਂ ਛਾਵਾਂ ਦੀ ਬੁਕਲ ਵਿਚ ਵਸਦੇ ਅਚੇਤਨ ਜਗਤ ਦੀ ਧਰਤੀ ਉਹ ਧਰਤੀ ਸੀ, ਜਿਥੋਂ ਉਠ ਕੇ ਭਾਵਾਂ ਤੇ ਮਨੋਰਥਾਂ ਦੀਆਂ ਪਉਣਾਂ ਝੂਲਦੀਆਂ ਸਨ । ਚੇਤੰਨ ਜਗਤ ਵਿਚ ਇਹਨਾਂ ਦੇ ਝੁਲਾਏ ਹੋਏ ਝੱਖੜ ਸਨਾਤਨੀ ਮਨੋਵਿਗਿਆਨੀ ਦੀ ਨਜ਼ਰ ਵਿਚ ਬੇਨਮੇਂ ਤੋਂ ਨਿਆਇ ਹੀਣ ਹੀ ਹੋ ਸਕਦੇ ਸਨ । ਨਵੇਂ ਮਨੋਵਿਗਿਆਨ ਨੇ ਉਹਨਾਂ ਦਾ ਅਸਲਾ ਭਾਲ ਕੇ ਉਹਨਾਂ ਨੂੰ ਇਕ ਨਵੀਂ ਨੇਤਰ-ਸੇਧ ਵਿਚ ਲਿਆ ਖੜਾ ਕੀਤਾ । ਇਸ ਨਵੀਂ ਖੋਜ ਸਦਕਾ ਮਨੋਵਿਗਿਆਨੀ ਤੇ ਸਾਹਿਤਕਾਰ ਵਿਚਲੀ ਵਿਥ ਜਿਵੇਂ ਮੀਟੀ ਗਈ ਤੇ ਇਕ ਸਾਂਝੇ ਸਹਯੋਗ ਦਾ ਨਵਾਂ ਖੇਤਰ ਪੈਦਾ ਹੋ ਗਿਆ ਜਿਸ ਦੀਆਂ ਸੰਭਾਵਨਾਵਾਂ ਅਨੇਕਾਂ ਦਿਸ਼ਾਵਾਂ ਵਿਚ ਜਾਗ ਪਈਆਂ । ਫ਼ਰਾਇਡੀ ਮਨੋਵਿਗਿਆਨ ਦਾ, ਮਨੁਖੀ ਗੁਣ-ਸੁਭਾ ਦੇ ਉਸੇ ਮਹਾਨ ਭਾਗ ਨਾਲ ਵਾਸਤਾ ਹੈ ਜੋ ਕਵੀ ਅਤੇ ਕਲਾਕਾਰ ਲਈ ਆਦਿ ਕਾਲ ਤੋਂ ਮੂਲਿਕ ਵਸਤੂ ਰਹਿਆ ਹੈ । ਇਸ ਲਈ ਇਹ ਕੋਈ ਅਚੰਭੇ ਵਾਲੀ ਗਲ ਨਹੀਂ ਕਿ ਮਨੋਵਿਸ਼ਲੇਸ਼ਣ ਦੇ ਸਿਧਾਂਤ ਨੇ ਸਾਹਿੱਤ ਉਪਰ ਬੜਾ ਭਾਰਾ ਪ੍ਰਭਾਵ ਪਾਇਆ ਹੈ । ਪਰ ਇਹ ਪ੍ਰਭਾਵ ਕੋਈ ਇਕਪੱਖਾ ਪ੍ਰਭਾਵ ਨਹੀਂ । ਫ਼ਰਾਇਡ ਨੇ ਸfਹਿੱਤ ਉਪਰ ਜੋ ਪ੍ਰਭਾਵ ਪਾਇਆ ਹੈ ਉਹ ਉਸ ਪਰਭਾਵ ਤੋਂ ਕਿਸੇ ਤਰ੍ਹਾਂ ਭੀ ਵੱਧ ਨਹੀਂ ਜਾਪਦਾ ਜੋ ਸਾਹਿੱਤ ਨੇ ਫ਼ਰਾਇਡ ਉਪਰ ਪਾਇਆ ਹੈ । ਉਸ ਦੀ ੭੦ਵੀਂ ਵਰੇ ਗੰਢ ਦੇ ਸਮੇਂ ਜਦੋਂ ਫ਼ਰਾਡਿ ਨੂੰ "ਅਚੇਤ ਮਨ ਦਾ ਖੋਜੀ ਕਹਕੇ ਸਤਿਕਾਰਿਆ ਗਇਆ ਤਾਂ ਉਸਨੇ ਇਹ ਖਿਤਾਬ ਕਬੂਲਣ ਤੋਂ ਅਸਮਰਥਾ ਪ੍ਰਗਟ ਕੀਤੀ ਤੇ ਕਹਿਆ, “ਅਨੇਕਾਂ ਕਵੀ ਤੇ ਦਾਰਸ਼ਨਿਕ ਮੈਥੋਂ ਪਹਲਾਂ ਹੀ ਅਚੇਤ ਮਨ ਨੂੰ ਖੋਜ ਚੁਕੇ ਹਨ । ਮੈਂ ਤਾਂ ਕੇਵਲ ਇਕ ਅਜਹੀ ਵਿਗਿਆਨਕ ਵਿਧੀ ਲੱਭ ਸਕਿਆ ਹਾਂ ਜਿਸ ਨਾਲ ਅਚੇਤ ਮਨ ਦਾ ਡੂੰਘੇਰਾ ਅਧਿਅਨ ਹੋ ਸਕੇ । ———————————————————————————————————————————————————————————————————— t Quoted by Lionel Trilling : The Liberal Imagination.

Chapter 111 Freud & Literature P. 34.