ਪੰਨਾ:Alochana Magazine April 1964.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਦਿਆਲ ਸਿੰਘ ਫੁੱਲ ਪੰਜਾਬੀ ਰੰਗ-ਮੰਚ ਉਤੇ ਭਾਂਤ ਭਾਂਤ ਦੇ ਫੁੱਲਾਂ ਦੇ ਬੀਜ ਮੁੱਠਾਂ ਭਰ ਭਰ ਕੇ ਸੁਟਦਾ ਜਾ ਰਿਹਾ ਹੈ। ਜਿੰਨੀ ਦੇਰ ਕਿਸੇ ਹੰਢੇ-ਮੰਝੇ ਕ੍ਰਿਕਟ ਖਿਡਾਰੀ ਨੂੰ ਸੌ ਦੌੜਾਂ ਬਣਾਉਣ ਵਿਚ ਲਗਦੀ ਹੈ ਉਨੀ ਦੇਰ ਵਿਚ ਫੁੱਲ ਨਾਟਕ ਪੂਰਾ ਲਿਖ ਮਾਰਦਾ ਹੈ । ਸੱਚ ਤਾਂ ਇਹ ਹੈ ਕਿ ਉਹ ਬੈਟਸਮੈਨ ਨਹੀਂ, ਬਾਊਲਰ ਹੈ ਤੇ ਨਾਟਕਾਂ ਦੀਆਂ ਗੇਂਦਾਂ ਠਾਹ ਠਾਹ ਰੰਗ ਮੰਚ ਤੇ ਮਾਰਦਾ ਜਾ ਰਿਹਾ ਹੈ । ਸਾਹਮਣੇ ਕੋਈ ਵਿਕਟ (ਨਿਸ਼ਾਨਾ) ਜਾਂ ਕੋਈ ਬੈਟਸਮੈਨ ਜਾਂ ਕੋਈ ਰੈਫਰੀ ਵੀ ਹੈ ਜਾਂ ਨਹੀਂ, ਇਹ ਵੇਖਣ ਜ‘ਚਣ ਦੀ ਉਹ ਲੋੜ ਨਹੀਂ ਸਮਝਦਾ। ‘ਕਲਜੁਗ ਰੱਥ ਅਗਨ ਕਾ’ ਵਿਚ ਉਸ ਨੇ ਰੰਗਮੰਚ ਨੂੰ ਕਵੀ ਦਰਬਾਰ ਬਣਾ ਦਿੱਤਾ ਹੈ ਜਿਸ ਵਿਚ ਤਿੰਨ ਕਵੀ ਵਾਰੋ ਵਾਰੀ ਆਪਣੀ ਕਵਿਤਾ ਬੋਲਦੇ ਹਨ ਤੇ ਭੋਗ ਪੈ ਜਾਂਦਾ ਹੈ ।

ਬਲਬੀਰ ਸਿੰਘ ਨਾਟਕ ਲਿਖ਼ਦਾ ਹੈ ਪਰ ਖੇਡਦਾ ਖਿਡਾਂਦਾ ਨਹੀਂ । ਏਨੇ ਨਾਟਕ ਲਿਖ ਚੁਕਣ ਬਾਦ ਵੀ ਉਸ ਨੂੰ ਨਾਟਕੀਅਤਾ ਉਸਾਰਨ ਦੀ ਜਾਚ ਨਹੀਂ ਆਈ । ਰੰਗਮੰਚ ਦਾ ਲਿਹਾਜ਼ ਉਹ ਜੀ ਕਰੇ ਤਾਂ ਰਖਦਾ ਹੈ ਨਹੀਂ ਤਾਂ ਜ਼ਰੂਰੀ ਨਹੀਂ ਸਮਝਦਾ। ਉਸ ਦੇ ਪਾਤਰਾਂ ਦਾ ਵਿਅਕਤਤਵ ਕੋਈ ਨਹੀਂ, ਦ੍ਰਿਸ਼ਟੀਕੋਣ ਕੋਈ ਨਹੀਂ। ਉਹ ਰੰਗ-ਮੰਚ ਉਤੇ ਧੱਕੇ ਜਾਂਦੇ ਹਨ ਅਤੇ ਚਾਬੀ ਨਾਲ ਬੋਲਦੇ ਹਨ । ਉਨ੍ਹਾਂ ਵਿਚ ਜ਼ਿੰਦਗੀ ਧੜਕਾ ਸਕਣ ਦਾ "ਸੁਪਨਾ ਟੁੱਟ ਗਿਆ ਹੈ" ਤਾਂ ਆਸ ਤੋਂ ਉਲਟ ਗੱਲ ਕੋਈ ਨਹੀਂ ਹੋਈ ।

ਪੰਜਾਬੀ ਰੰਗਮੰਚ ਦੀ ਇਕੋ ਇਕ ਆਸ਼ ਹੈ ਨਵਾਂ ਪੋਚ । ਸੁਰਜੀਤ ਸਿੰਘ ਸੇਠੀ, ਪਰਿਤੋਸ਼ ਗਾਰਗੀ, ਗੁਰਚਰਨ ਸਿੰਘ ਜਸੂਜ਼ਾ, ਪਿਆਰਾ ਸਿੰਘ ਭੋਗਲ, ਹਰਸਰਨ ਸਿੰਘ ਅਤੇ ਕੁਲਬੀਰ ਸਿੰਘ ਆਦਿ ਨਵੇਂ ਨਾਟਕਕਾਰਾਂ ਨੇ ਪੰਜਾਬੀ ਰੰਗਮੰਚ ਦੀ ਨੁਹਾਰ ਬਦਲਣ ਦਾ ਸ਼ਲਾਘਾਯੋਗ ਉਦਮ ਕੀਤਾ ਹੈ । ਇਨ੍ਹਾਂ ਦੇ ਨਾਟਕਾਂ ਵਿਚ ਨਵੇਂ ਵਿਚਾਰ ਹਨ, ਨਵੇਂ ਰੂਪ, ਨਵੀਆਂ ਸਮੱਸਿਆਵਾਂ, ਨਵੇਂ ਤਕਨੀਕੀ ਪ੍ਰਯੋਗ ਅਤੇ ਨਵਾਂ ਨਰੋਇਆ ਉਤਸ਼ਾਹ । ਜੋ ਇਨਾਂ ਨੇ ਆਪਣਾ ਉਦਮ ਜਾਰੀ ਰਖਿਆ ਅਤੇ ਦ੍ਰਿੜ ਵਿਸ਼ਵਾਸ ਬਣਾ ਲਇਆ ਕਿ ਪੰਜਾਬੀ ਨਾਟਕ ਨੂੰ ਹੋਰ ਸਮਕਾਲੀ ਨਾਟਕਾਂ ਨਾਲ ਮੋਢਾ ਡਾਹ ਕੇ ਖੜਾ ਹੋਣ ਦੇ ਸਮਰੱਥ ਬਣਾਉਣਾ ਹੈ ਤਾਂ ਜ਼ਰੂਰ ਹੀ ਇਕ ਇਨ "ਮਕੜੀ ਦੇ ਜ਼ਾਲ" ਟੁੱਟ ਜਾਣਗੇ, “ਕੱਚੇ ਘੜੇ" ਫਿਰ ਝਨਾ ਵਿਚ ਠਿਲ੍ਹ ਪੈਣਗੇ, “ਜੀਵਨ ਮੰਚ" ਦੇ "ਪਰਛਾਵੇਂ" ਰੰਗਮੰਚ ਨੂੰ ਇਕ ਨਵਾਂ ਰੂਪ ਦੇਣਗੇ ਅਤੇ ਪੰਜਾਬੀ ਆਪਣੇ ਨਾਟਕਾਂ ਤੇ ਨਾਟਕਕਾਰਾਂ ਤੇ ਗੌਰਵ ਕਰ ਸਕਣਗੇ । ਵਿਸ਼ਵਾਸ ਕੀਤਾ ਜਾ ਸ਼ਕਦਾ ਹੈ ਕਿ ਇਹ ਨਾਟਕਕਾਰ ਆਪਣੇ ਪੇਸ਼ਰਵਾਂ ਦੀਆਂ ਭੁੱਲਾਂ ਨਹੀਂ ਦੁਹਰਾਉਣਗੇ, ਉਨ੍ਹਾਂ ਦੁਆਰਾ ਅਰੰਭੀ ਗਈ ਘਾਲ ਥਾਂਏਂ ਪਾਉਣਗੇ ।

੧੧