ਪੰਨਾ:Alochana Magazine August 1960.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਗਿੰਦਰ ਸਿੰਘ ਰਾਹੀ

ਹਰਚਰਨ ਸਿੰਘ ਦੀ ਨਾਟ-ਕਲਾ

ਸਾਡੀ ਵਰਤਮਾਨ ਜ਼ਿੰਦਗੀ ਦੇ ਪਿਛਲੇ ਕਈ ਵਰਿਆਂ ਤੋਂ ਪੰਜਾਬੀ ਰੰਗਮੰਚ ਦੇ ਆਕਾਸ਼ ਉਤੇ ਹਰਚਰਨ ਸਿੰਘ ਦੀ ਨਾਟ-ਕਲਾ ਕੁਝ ਇਸ ਭਾਂਤ ਵਿਆਪਕ ਹੈ ਕਿ ਸਾਡੇ ਅਧਿਕਤਰ ਆਲੋਚਕ ਉਸ ਦੀ ਯੋਗ ਸਮਾਲੋਚਨਾ ਲਈ ਅੱਵਲ ਤਾਂ ਕਿਸੇ ਨਿਆਇ-ਅਨੁਕੂਲ ਕਲਾਤਮਕ ਪ੍ਰਕਰਣ ਦਾ ਸੰਕਲਪ ਹੀ ਨਹੀਂ ਕਰਦੇ, ਅਤੇ ਜੇ ਕਰਦੇ ਹਨ ਤਾਂ ਉਨ੍ਹਾਂ ਦੇ ਸੰਸਕਾਰ ਉਸ ਦੀ ਰੰਗ-ਮੰਚੀ ਸਫ਼ਲਤਾ ਦੇ ਪਰਛਾਵਿਆਂ ਤੋਂ ਪੂਰਣ ਭਾਂਤ ਮੁਕਤ ਨਹੀਂ ਹੋ ਸਕਦੇ, ਜਿਸ ਦੇ ਫਲਸਰੂਪ ਉਹ ਸਾਨੂੰ ਉਸ ਦੀ ਰੰਗ-ਮੰਚੀ ਸਫ਼ਲਤਾ ਤੇ ਕਲਾਤਮਕ ਪ੍ਰਾਪਤੀ ਦਾ ਸੰਤੋਖ-ਜਨਕ ਤੁਲਨਾਤਮਕ ਵਿਸ਼ਲੇਸ਼ਣ ਦੇਣ ਵਿਚ ਅਸਮਰਥ ਰਹਿੰਦੇ ਹਨ । ਹਰਚਰਨ ਸਿੰਘ ਨੂੰ ਨੰਦੇ ਦੀ ਯਥਾਰਥਮੁਖੀ ਤੇ ਮੰਚ-ਅਨੁਕੂਲ ਪਰੰਪਰਾ ਨੂੰ ਆਪਣੇ ਵਿਤ ਅਨੁਸਾਰ ਵਿਕਾਸ ਦੇ ਕੇ ਤੇ ਆਰਥਿਕ ਔਕੜਾਂ 'ਚੋਂ ਪੈਦਾ ਹੋਈਆਂ ਰੰਗ-ਮੰਚੀ ਮਜਬੂਰੀਆਂ ਵਿਚ ਵੀ ਸੁਰਜੀਤ ਰੱਖ ਕੇ ਪੰਜਾਬੀ ਨਾਟਕ ਨੂੰ ਨਿਰਸੰਦੇਹ ਉਸ ਪ੍ਰਗਤੀ-ਪੰਧ ਪਰ ਤੋਰਿਆ ਹੈ ਜੋ ਕਿਸੇ ਪਰੰਪਰਾ ਦੇ ਅਭਾਵ ਵਿਚ, ਪ੍ਰਤੱਖ ਹੋਣ ਲਈ ਕੁਝ ਇਉਂ ਹੀ ਤਰਸਦਾ ਰਹਿੰਦਾ ਹੈ, ਜਿਵੇਂ ਰੋਦੈਂ ਅਨੁਸਾਰ ਹਰ ਪੱਥਰ ਵਿਚ ਲੁਕਿਆ ਬੁੱਤ ਕਿਸੇ ਬੁਤ-ਤਰਾਸ਼ ਦੀ ਕਲਾ-ਛੋਹ ਦ੍ਵਾਰਾ ਸਾਕਾਰ ਹੋਣ ਲਈ ਲੋਚਦਾ ਰਹਿੰਦਾ ਹੈ । ਪੰਜਾਬੀ ਨਾਟ-ਪਰੰਪਰਾ ਦੇ ਬਾਲਪਨ ਦੀ ਚੇਤੰਨ ਪਾਲਣਾ ਦਾ ਦ੍ਰਿੜ੍ਹ ਯੋਗ ਨਿਸਚੇ ਹੀ ਹਰਚਰਨ ਸਿੰਘ ਦੀ ਸਾਹਿੱਤਕ ਸੂਰਮਗਤੀ ਦਾ ਪ੍ਰਮਾਣ ਹੈ । ਪਰੰਤੂ ਅੱਜ ਜਦੋਂ ਇਸ ਪਰੰਪਰਾ ਦੀਆਂ ਜੜ੍ਹਾਂ ਇਕ ਵਿਆਪਕ ਪਸਾਰ ਵਿਚ ਨਿਰੰਤਰ ਡੂੰਘੀਆਂ ਕਰਨ ਦੇ ਯਤਨ ਜਾਰੀ ਹਨ, ਤਾਂ ਹਰਚਰਨ ਸਿੰਘ ਦੀ ਰੰਗ-ਮੰਚੀ ਸਫਲਤਾ ਦੇ ਨਾਲ ਨਾਲ ਉਸ ਦੀ ਕਲਾਤਮਿਕ ਪ੍ਰਾਪਤੀ ਦਾ ਵਿਗਿਆਨਕ ਸਰਵੇਖਣ ਵਿਕਾਸਗਤੀ ਦੀ ਸੁਰੱਖਿਆ ਹਿੱਤ ਅਤੀ ਅਵਸ਼ਕ ਹੈ । ਅੰਗ੍ਰੇਜ਼ੀ ਦਾ ਪ੍ਰਬੀਣ ਨਾਟ-ਕਲਾ ਆਲੋਚਕ Allaedyce Nieoll ਆਪਣੀ ਪੁਸਤਕ The world Drama ਵਿਚ ਕਹਿੰਦਾ ਹੈ :-

"Dramatic power is likely to be inhibited during any lengthy period when a single theatrical form endures comparatively unaltered".