ਪੰਨਾ:Alochana Magazine August 1963.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜੀ ਸ਼ਾਨ-ਸ਼ੌਕਤ ਹੈ ਦਰਬਾਰੀਆਂ ਦੀ
ਜਿਵੇਂ ਚੰਨ, ਤਾਰੇ, ਸਤਾਰੇ ਸਜੇ ਨੇ।
ਤਮਾਸ਼ੇ-ਤਮਾਸ਼ੇ 'ਚ ਖੂਨ ਹੋ ਗਿਆ ਏ
ਕਤਲ ਸ਼ਹਿਨਸ਼ਾਹ ਸੀਜ਼ਰੋਨ ਹੋ ਗਿਆ ਏ
ਇਹ ਸਾਜ਼ਸ ਸੀ ‘ਆਕਟੇਵੀਅਸ' ਦੀ।
ਉਮਡ ਭੀੜ ਆਈ ਨਗਰ ਵਾਸੀਆਂ ਦੀ,
ਮਜ਼ਾ ਲੈ ਰਹੇ ਲੋਕ ਜੈਕਾਰ ਕਰਦੇ;
ਉਹ ਮਿਸਰੀ, ਯੂਨਾਨੀ ਤੇ ਹਿੱਬਰੂ 'ਚ ਬੋਲਣ।
ਇਸ ਅਵਸਰ ਨੂੰ ਚਾਹੇ ਸੀ ਦਿਲਕਸ਼ ਬਣਾਇਆ;
ਸਮਝਦੇ ਸੀ, ਪਰ ਲੋਕ ਸਾਰੀ ਹਕੀਕਤ -
ਤੇ ਸਾਰੀ ਸਚਾਈ, -
ਕਿ ਕੀ ਬਾਦਸ਼ਾਹ ਹੈ ਤੇ ਕੀ ਬਾਦਸ਼ਾਹੀ?

ਏਸੇ ਤਰਾਂ ਇਕ ਹੋਰ ਵਿਅੰਗਆਤਮਿਕ ਕਵਿਤਾ 'ਜੇਤੂਆਂ ਦੀ ਉਡੀਕ' ਵਿੱਚ ਕਵਾਫ਼ੀ ਕਮਾਲ ਕਰਦਾ ਹੈ।

ਸਮਰਾਟ, ਸਭਾਸਦ, ਜਨਤਾ - ਸਭ ਜੇਤੂਆਂ ਦੀ ਉਡੀਕ ਵਿਚ ਨਗਰ ਦੇ ਮੁੱਖ ਦੁਆਰ ਤੇ ਇਕੱਠੇ ਹੋਏ ਹਨ: ਵਾਤਾਵਰਣ ਵਿੱਚ ਬੜੀ ਸਰਗਰਮੀ ਤੇ ਉੱਤਸਾਹ ਹੈ ਚਾਹੇ ਇਹ ਕੋਈ ਨਹੀਂ ਜਾਣਦਾ ਕਿ ਵਿਜੇਤਾ ਕੌਣ ਹਨ ਤੇ ਉਹ ਹਾਰਨ ਵਾਲਿਆਂ ਨਾਲ ਕੀ ਸਲੂਕ ਕਰਨਗੇ। ਇਸ ਕਵਿਤਾ ਦਾ ਸਾਰਾ ਵਿਅੰਗ ਆਖਰੀ ਪੰਗਤੀਆਂ ਵਿੱਚ ਚਮਕ ਉਠਦਾ ਹੈ ਜਦ ਪਤਾ ਲੱਗਦਾ ਹੈ ਕਿ ਜਿੱਤਣ ਵਾਲਿਆਂ ਦਾ ਸਰਹੱਦ ਤੇ ਕੋਈ ਪਤਾ ਨਹੀਂ। ਇਹ ਸੁਣਕੇ ਸਾਰੇ ਹੱਕੇ-ਬੱਕੇ ਰਹਿ ਜਾਂਦੇ ਹਨ। ਆਪਣੇ ਮੌਲਕ ਵਿਅੰਗ ਦੀ ਤੀਬਰਤਾ ਨੂੰ ਕਵਾਫ਼ੀ ਅਨੋਖੇ ਢੰਗ ਨਾਲ ਭੀੜ ਵਿੱਚ ਹੀ ਲੁਕਾ ਜਾਂਦਾ ਹੈ, ਪਰ ਪਾਠਕ-ਮਨ ਤੇ ਇਕ ਸਮੇਂ ਦੀ ਹਕੀਕਤ ਉਜਾਗਰ ਹੋ ਜਾਂਦੀ ਹੈ।

ਜੇਤੂਆਂ ਦੀ ਉਡੀਕ

ਵਿਜੇਤਾ ਆਉਣ ਵਾਲੇ ਨੇ।
..................
ਰਾਜ ਦੇ ਸਾਰੇ ਦਰਬਾਰੀ;
ਭਲਾ ਕਿਉਂ ਚੁੱਪ ਬੈਠੇ ਨੇ?
ਅੱਜ ਵਿਜੇਤਾ ਆਉਣ ਵਾਲੇ ਨੇ।
ਕੋਈ ਕਾਨੂੰਨ ਕਿਉਂ ਨਿਯਮ ਬੰਨ੍ਹਣ?
ਵਿਜੇਤਾ ਆਉਣਗੇ ਜਦ,
ਆਪ ਹੀ ਸਭ ਕੁਝ ਬਣਾਵਣਗੇ।