ਪੰਨਾ:Alochana Magazine August 1963.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਰਿਆਂ ਨੂੰ ਬੜੀ ਸੁੰਦਰਤਾ ਨਾਲ ਰੂਪਮਾਨ ਕੀਤਾ ਹੈ। ਉਸ ਦੀ ਗਹਿਰਾਈ ਤੇ ਵਿਆਪਕਤਾ ਸਾਨੂੰ ਹੈਰਾਨ ਕਰ ਦੇਂਦੀ ਹੈ। ਕਵਾਫ਼ੀ ਉਨ੍ਹਾਂ ਤੀਬਰ ਅਨੁਭੂਤੀਆਂ ਨੂੰ ਉਕਸਾਉਂਦਾ ਹੈ ਜਿਨ੍ਹਾਂ ਦਾ ਮਾਨਵ-ਮਨ ਦੀਆਂ ਬੁਨਿਆਦੀ ਪ੍ਰਵਰਿਤੀਆਂ ਨਾਲ ਗਹਿਰਾ ਸੰਬੰਧ ਹੈ। ਕਵਾਫ਼ੀ ਮਾਨਵ-ਮਨ ਦੇ ਹਾਵ-ਭਾਵਾਂ ਨੂੰ ਪੂਰੀ ਤਰ੍ਹਾਂ ਜਾਣ ਕੇ ਉਸ ਵਿੱਚ ਰੁੱਚੀ ਲੈਂਦਾ ਹੈ ਇਸੇ ਲੰਬੀ ਉਸ ਦੀਆਂ ਕਵਿਤਾਵਾਂ ਵਿਅੰਗ ਤੇ ਯਥਾਰਥ ਦੀ ਮਿਲੀ-ਜੁਲੀ ਤੀਖਣਤਾ ਨਾਲ ਭਰਪੂਰ ਹੁੰਦੀਆਂ ਹਨ।

ਕਵਾਫ਼ੀ ਦੀ ਕਵਿਤਾ ਨੂੰ ਸਮਝਣ ਤੋਂ ਪਹਿਲਾਂ ਉਸਦੇ ਪਿਛੋਕੜ ਨੂੰ ਜਾਣ ਲੈਣਾ ਵੀ ਜ਼ਰੂਰੀ ਹੈ। ਮਿਸਰ ਦੇ ਉੱਤਰੀ ਤੱਟ ਤੇ ਭੂਮੱਧ-ਸਾਗਰ ਦੇ ਕਿਨਾਰੇ ਕੋਲ ਸਕੰਦਰੀਆ ਅਬਾਦ ਹੈ। ਇਹ ਨਗਰ ਵਪਾਰੀਆਂ ਤੇ ਜੇਤੂਆਂ ਦਾ ਕੇਂਦਰ-ਮਾਰਗ ਰਹਿਆ ਹੈ। ਇਸ ਲਈ ਸਕੰਦਰੀਆ ਉਤੇ ਪੱਛਮ ਦੀਆਂ ਸਭਿਤਾਵਾਂ ਦਾ ਭਰਪੂਰ ਪ੍ਰਭਾਵ ਹੈ। ਗਰੀਕ, ਰੋਮ ਬਾਈਜ਼ਨਟਾਇਨ ਆਦਿ ਦੇ ਨਾਲ ਨਾਲ ਏਸ਼ਿਆਈ ਦੇਸ਼ਾਂ ਦਾ ਪ੍ਰਭਾਵ ਵੀ ਪੂਰੀ ਤਰ੍ਹਾਂ ਇਸ ਤੇ ਪਇਆ ਹੈ। ਇਸ ਤਰ੍ਹਾਂ ਮਿਸਰ ਦੀ ਸੰਸਕ੍ਰਿਤੀ ਵਿੱਚ ਕਈ ਨਵੇਂ ਰੰਗ ਘੁਲ ਮਿਲ ਗਏ ਹਨ ਤੇ ਭਾਰਤ ਵਾਸੀਆਂ ਲਈ ਇਨ੍ਹਾਂ ਨੂੰ ਅਨੁਭਵ ਕਰਨਾ ਸਹਿਲ ਤੇ ਸੁਭਾਵਕ ਹੈ। ਉੱਤਰੀ ਭਾਰਤ ਵੀ ਕਰੀਬ-ਕਰੀਬ ਇਸੇ ਤਰ੍ਹਾਂ ਦੇ ਗਰੀਕ, ਮੁਸਲਮਾਨ ਤੇ ਪੱਛਮੀ ਪ੍ਰਭਾਵਾਂ ਅਧੀਨ ਰਹਿ ਚੁੱਕਾ ਹੈ।

ਇਤਿਹਾਸ ਦੇ ਬਹੁਤ ਵੱਡੇ ਸੰਸਕ੍ਰਿਤ ਮੇਲੇ ਨੂੰ ਕਵਾਫ਼ੀ ਦੀ ਆਧੁਨਿਕ ਸਿਖਿਆ ਵਾਲੀ ਸੂਖਮ ਚੇਤਨਾ ਨੇ ਇੱਕ ਬਿਲਕੁਲ ਨਿਰਾਲੇ ਦ੍ਰਿਸ਼ਟਿਕੋਣ ਤੋਂ ਦੇਖਿਆ ਹੈ। ਕਵਾਫ਼ੀ ਦੀ ਤੁਲਣਾ ਭਾਰਤ ਦੀ ਨਵੀਂ ਪੀੜੀ ਨਾਲ ਕੀਤੀ ਜਾ ਸਕਦੀ ਹੈ ਜਿਹੜੀ ਕਿ ਇੱਕ ਪਾਸੇ ਵੇਦਾਂ ਤੇ ਗੀਤਾਂ ਦੀ ਪੂਰੀ ਪ੍ਰੰਪਰਾ ਨਾਲ ਸੰਬੰਧ ਰੱਖਦੀ ਹੈ ਤੇ ਦੂਸਰੇ ਪਾਸੇ ਨਵੇਂ ਯੁਗ ਦੀਆਂ ਸਾਰੀਆਂ ਖੂਬੀਆਂ ਨੂੰ ਅਪਣਾ ਰਹੀ ਹੈ। ਕਵਾਫ਼ੀ ਨੇ ਪੁਰਾਣੇ ਤੇ ਨਵੇਂ ਦੀ ਇਸ ਵਿਆਪਕ ਕਾਵਿ-ਸਮੱਸਿਆ ਨੂੰ ਆਪਣੇ ਅਨੋਖੇ ਤੇ ਨਿਰਾਲੇ ਢੰਗ ਨਾਲ ਹਲ ਕੀਤਾ ਹੈ। ਉਸ ਨੇ ਸਕੰਦਰੀਆ ਦੇ ਇਤਿਹਾਸ ਨੂੰ ਉਸੇ ਤਰਾਂ ਆਪਣੀ ਕਵਿਤਾ ਵਿੱਚ ਵਰਤਿਆ ਹੈ। ਜਿਵੇਂ ਇੱਕ ਅਤਿ-ਨਵਾਂ ਕਵੀ ਪੌਰਾਣਿਕ ਪ੍ਰਸੰਗਾਂ ਤੇ ਪ੍ਰਤੀਕਾਂ ਨੂੰ ਵਰਤ ਸਕਦਾ ਹੈ। ਆਪ ਯੂਨਾਨੀ ਹੋਣ ਦੇ ਨਾਤੇ ਕਵਾਫ਼ੀ ਬੜੀ ਆਸਾਨੀ ਨਾਲ ਗਰੀਕ ਦੇਵੀ-ਦੇਵਤਿਆਂ ਨੂੰ ਪ੍ਰਤੀਕ ਰੂਪ ਵਿੱਚ ਲੈ ਸਕਦਾ ਸੀ, ਪਰ ਉਸ ਨੇ ਆਸਾਨੀ ਤੋਂ ਆਪਣੇ ਆਪ ਨੂੰ ਬਚਾਕੇ ਸਕੰਦਰੀਆ ਦੇ ਇਤਿਹਾਸ ਨੂੰ ਨਵੀਂ ਤਰ੍ਹਾਂ ਦੇਖਿਆ ਤੇ ਉਸ ਦੁਆਰਾ ਨਵੀਆਂ ਸਮਸਿਆਵਾਂ ਦਾ ਨਿਰੂਪਨ ਕੀਤਾ ਹੈ। ਕਵਾਫ਼ੀ ਦੀ ਇਹ ਮੌਲਕ ਭਾਲ ਤੇ ਕਾਵਿ ਪ੍ਰਤਿਭਾ ਆਪਣੀ ਮਿਸਾਲ ਆਪ ਹੈ।

ਕਵਾਫੀ ਨੇ ਆਪਣੀਆਂ ਕਵਿਤਾਵਾਂ ਲਈ ਜੋ ਪੌਰਾਣਿਕ ਸਾਮਗਰੀ ਲਈ ਹੈ ਉਹ ਇਤਿਹਾਸਕ ਕਥਾਵਾਂ ਨਾਲ ਪੂਰਾ ਮੇਲ ਖਾਂਦੀ ਹੈ ਤੇ ਪੂਰੀ ਪ੍ਰੰਪਰਾ ਨੂੰ ਜ਼ਾਹਿਰ ਕਰਦੀ ਹੈ। ਕਵਾਫ਼ੀ ਦਾ ਇਹ ਇੱਕ ਵਿਸ਼ੇਸ਼ ਗੁਣ, ਉਸ ਦੀ ਗੂੜ ਵਿਦਵਤਾ ਅਤੇ ਬੁੱਧੀ ਦਾ