ਪੰਨਾ:Alochana Magazine August 1963.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਮਾਣ ਹੈ।

ਕਵਾਫ਼ੀ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਗਰੀਕ ਪ੍ਰੰਪਰਾ ਨੂੰ ਪੂਰੀ ਤਰ੍ਹਾਂ ਗ੍ਰਹਿਣ ਨਹੀਂ ਕਰ ਸਕਦਾ ਕਿਉਂਕਿ ਉਹ ਉਸ ਤੋਂ ਪੂਰੀ ਤਰ੍ਹਾਂ ਰਸ-ਵੰਤ ਨਹੀਂ ਹੋ ਸਕਿਆ ਜਿਹਾ ਕਿ ਯੂਨਾਨ ਵਿੱਚ ਜੰਮਿਆ-ਪਲਿਆ ਵਿਅਕਤੀ ਹੋ ਸਕਦਾ ਹੈ। ਉਹ ਸਕੰਦਰੀਆ ਵਿੱਚ ਰਹਿਆ ਤੇ ਸਕੰਦਰੀਆ ਦਾ ਇਤਿਹਾਸ ਉਸ ਦੀ ਰਗ ਰਗ ਵਿੱਚ ਸਮਾ ਗਇਆ। ਫੇਰ ਸਕੰਦਰੀਆ ਦਾ ਇਤਿਹਾਸ ਯੂਨਾਨ ਤੇ ਰੋਮ ਨਾਲੋਂ ਵਧੇਰੇ ਰੌਚਿਕ ਤੇ ਸਚਾਈ ਦੇ ਨੇੜੇ ਹੈ। ਉਸ ਨੇ ਸੋਚਿਆ ਜੇ ਕਲਪਤ ਪ੍ਰੰਪਰਾ ਦੇ ਦੇਵੀ-ਦੇਵਤੇ ਕਵਿਤਾ ਦਾ ਪ੍ਰਤੀਕ ਬਣ ਸਕਦੇ ਹਨ ਤਾਂ ਇਤਿਹਾਸ ਦੇ ਜੀਉਂਦੇ ਜਾਗਦੇ ਸੱਚੇ ਪਾਤਰ ਤੇ ਘਟਨਾਵਾਂ, ਕਾਵਿ-ਪ੍ਰਤੀਕ ਕਿਉਂ ਨਹੀਂ ਬਣ ਸਕਦੀਆਂ?

ਇਸੇ ਇਤਿਹਾਸਕ ਮਿਥਿਕ ਅਧਾਰ ਤੇ ਕਵਾਫ਼ੀ ਦੀਆਂ ਨਵੀਆਂ ਕਵਿਤਾਵਾਂ ਦਾ ਢਾਂਚਾ ਖੜਾ ਹੈ। ਇਨ੍ਹਾਂ ਕਥਾਵਾਂ ਵਿਚ ਸਕੰਦਰੀਆ ਦੀ ਪ੍ਰੰਪਰਾ ਨੂੰ ਪੂਰੀ ਤਰ੍ਹਾਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਵਾਫ਼ੀ ਦੇ ਕਾਵਿ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਸ ਨੇ ਇਤਿਹਾਸ ਦੀਆਂ ਪ੍ਰਸਿਧ ਹਸਤੀਆਂ ਨੂੰ ਪ੍ਰਧਾਨਤਾ ਨਹੀਂ ਦਿੱਤੀ ਤੇ ਨ ਉਸ ਨੇ ਵੱਡੀਆਂ ਵੱਡੀਆਂ ਲੜਾਈਆਂ ਦਾ ਜ਼ਿੱਕਰ ਕੀਤਾ ਹੈ। ਸਗੋਂ ਉਸ ਨੇ ਸਾਧਾਰਨ ਆਦਮੀ ਤੇ ਆਦਮੀਆਂ ਦੀ ਭੀੜ ਨੂੰ ਆਪਣੇ ਕਾਵਿ ਦਾ ਮੁੱਖ ਵਿਸ਼ਾ ਬਣਾਇਆ ਹੈ। ਸਾਧਾਰਨ ਘਟਨਾਵਾਂ ਤੇ ਸਾਧਾਰਨ ਚਰਿੱਤ੍ਰਾਂ ਵਿਚੋਂ ਮਾਨਵੀ ਤੱਤ ਕੱਢ ਸਕਣੇ ਕਵਾਫ਼ੀ ਦੇ ਹੁਨਰ ਦਾ ਵਿਸ਼ੇਸ਼ ਗੁਣ ਹੈ।

'ਭੀੜ', 'ਜਨਤਾ’ ‘ਜਨ-ਸਾਧਾਰਨ' ਤੱਥਾਂ ਦਾ ਕੁਸ਼ਲਤਾ ਨਾਲ ਮਨੋ-ਵਿਸ਼ਲੇਸ਼ਣ ਕਰਨਾ ਕਵਾਫ਼ੀ ਦਾ ਹੀ ਕੰਮ ਹੈ। ਇਹ ਖੂਬੀ ਯੂਨਾਨ ਦੇ ਸ਼ਾਇਦ ਹੀ ਕਿਸੇ ਹੋਰ ਕਵੀ ਨੂੰ ਨਸੀਬ ਹੋਈ ਹੋਵੇ।

'ਸਕੰਦਰੀਆ ਦੇ ਬਾਦਸ਼ਾਹ' ਨਾਮੀ ਕਵਿਤਾ ਵਿੱਚ ਕਵਾਫ਼ੀ ਨੇ ਐਨਟਨੀ ਤੇ ਕਿਲੋਪੈਟਰਾ ਦੇ ਇਤਿਹਾਸ ਪ੍ਰਸਿੱਧ, ਪ੍ਰੇਮ ਤੇ ਪਤਨ ਦਾ ਪ੍ਰਸੰਗ ਲੈਕੇ, ਇਕ ਮਾਮੂਲੀ ਘਟਣਾ ਦੁਆਰਾ, (ਸੀਜ਼ਰ ਤੋਂ ਕਿਲੋਪੈਟਰਾ ਦਾ ਪੁੱਤ੍ਰ ‘ਸ਼ੀਜ਼ਰੇਨ', ਜਿਸ ਨੂੰ ਬਾਅਦ 'ਚ ਅਕਟੇਵੀਅਸ ਨੇ ਕਤਲ ਕਰ ਦਿੱਤਾ; ਇਸ ਕਵਿਤਾ ਦਾ ਮੁੱਖ-ਪਾਤ੍ਰ ਹੈ) ਇਸ ਗੰਭੀਰ ਘਟਣਾ ਵਲ ਇਸ਼ਾਰਾ ਕਰ ਦਿੱਤਾ ਹੈ। ਕਿਲੋਪੈਟਰਾ ਤੋਂ ਵੱਧ ਉਸਦੇ ਪੁੱਤਰ ਨੂੰ ਮਹੱਤਵ ਦੇਂਦੇ ਹੋਏ ਕਵਾਫ਼ੀ ਨੇ ਸਕੰਦਰੀਆ ਦੀ ਜਨਤਾ ਦਾ ਬੜਾ ਹੀ ਸਫਲ ਮਨੋ-ਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ। ਉਸ ਨੇ ਵਿਖਾਇਆ ਹੈ ਕਿ ਜਨਤਾ ਰਾਜਨੀਤਕ ਯਥਾਰਥ ਵਿੱਚ ਏਨੀ ਰੁਚੀ ਨਹੀਂ ਰਖਦੀ ਜਿੰਨੀ ਕਿ ਖੇਲ-ਤਮਾਸ਼ਿਆਂ ਤੇ ਕੌਤਕ ਆਦਿ ਵਿੱਚ ਰਖਦੀ ਹੈ। ਏਸੇ ਤਰ੍ਹਾਂ ਦੀ ਮਨੋਵ੍ਰਿਤੀ ਸਾਰੇ ਦੇਸ਼ਾਂ ਵਿੱਚ ਵਿਆਪਕ ਹੈ ਕਿ ਲੋਕ ਕੇਵਲ ਕਿਸੇ ਦੇ ਦਰਸ਼ਣਾਂ ਲਈ ਜਾਂ ਰੰਗ-ਰੰਗ ਦੇ ਖੇਲ-ਤਮਾਸ਼ਿਆਂ ਲਈ ਹੁਮ-ਹੁਮਾਕੇ ਪਹੁੰਚਦੇ ਹਨ। ਕਈ ਵਾਰ ਲੋਕ ਰਾਜਨੀਤਕ ਹਕੀਕਤ ਤੇ ਭੇਦ ਨੂੰ ਸਮਝਦੇ ਹੋਇਆਂ ਵੀ, ਉਸ ਦੇ