ਪੰਨਾ:Alochana Magazine February 1963.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਆਣਪ ਸਿਆਣਪ ਵਿੱਚ ਹੀ ਹੈ । ਇਹਨਾਂ 'ਸਿਆਣਪੀ’ ਲੇਖਕਾਂ ਦੇ ਬਾਰੇ ਇਹ ਮੰਨਣਾ ਉਚਿਤ ਹੈ ਕਿ ਅਭਿਆਸ ਤੋਂ ਉਤਪੰਨ ਹੋਇਆ ਹੋਵੇ ਜਾਂ ਪ੍ਰਤਿਭਾ ਤੋਂ, ਇਹਨਾਂ ਵਿੱਚ ਯਥਾ-ਯੋਗ ਕਲਾ-ਕੌਸ਼ਲ ਹੈ । ਪ੍ਰਭਜੋਤ ਵਿੱਚ ਤਾਂ ਰੋਮਾਂਸਵਾਦੀ ਉਤਸ਼ਾਹ ਵੀ ਹਾਲੀ ਖ਼ਤਮ ਨਹੀਂ ਹੋਇਆ, ਤੇ ਉਸ ਵਿੱਚ ਜਿਥੇ ਇਕ ਸਹ-ਹੋਂਦ ਵਾਲੀ ਸਾਖਾਤਮਕ ਜੇਹੀ ਰੁਚੀ ਤਕੜੀ ਹੋਈ ਪ੍ਰਤੀਤ ਹੁੰਦੀ ਹੈ, ਉਥੇ ਵਿਅੰਗ ਦੀ ਕਰੀਬ ਕਰੀਬ ਅਣਹੋਂਦ ਪਹਲਾਂ ਵਾਕਰ ਹੀ ਚਲੀ ਆ ਰਹੀ ਹੈ ਜੋ ਉਸ ਦੇ ਰੋਮਾਂਸਵਾਦ ਦਾ ਹੀ ਇਕ ਫਲ ਰੂਪ ਹੈ । ਤਾਰਾ ਸਿੰਘ ਭੀ ਪਹਲੇ ਸੰਗ੍ਰਹ ਵਿੱਚ ਵਧੇਰੇ ਸੁਹਜਵਾਦੀ ਪ੍ਰਗਤਿਵਾਦੀ ਸੀ । ਹੁਣ ਉਸ ਵਿੱਚ ਭੀ ਸਿਆਣਪ ਦੀ ਨਿਰਾਸ਼ਾ ਸੰਚਾਰ ਕਰ ਰਹੀ ਪ੍ਰਤੀਤ ਹੁੰਦੀ ਹੈ । ਮੀਸ਼ਾ ਦਾ ‘ਚੁਰਸਤਾ' ਉਸ ਦਾ ਪਹਲਾ ਸੰਗ੍ਰਹ ਹੀ ਹੈ । ਇਸ ਵਿੱਚ ਨਿਰਾਸ਼ਾਮਈ ਸਿਆਣਪ ਪ੍ਰਧਾਨ ਹੈ । ਪਰ ਕਿਥੋਂ ਤਕ ਮੀਸ਼ਾ ਉੱਤਰ-ਪ੍ਰਗਤੀਵਾਦੀ ਪੀੜ੍ਹੀ ਦਾ ਯੋਗ ਪ੍ਰਵਕਤਾ ਬਣ ਸਕਦਾ ਹੈ, ਇਹ ਗੱਲ ਹਾਲੀ ਅਨਿਸਚਿਤ ਹੀ ਹੈ ।

ਪਰ ਕੀ ਪ੍ਰਗਤਿਵਾਦੀ ਲਹਰ ਦੀਆਂ ਉੱਤਰਾਧਿਕਾਰੀ ਲਹਰਾਂ ਵਿੱਚ ਕ੍ਰਾਂਤੀਕਾਰੀ ਸਮਾਜਵਾਦੀ ਲਹਰ ਦੇ ਜਨਮ ਦੀ ਕੋਈ ਸੰਭਾਵਨਾ ਨਹੀਂ ? ਸਮਾਚਾਰ ਇਸ ਵੇਲੇ ਕੁਝ ਨਿਰਾਸ਼ਾ-ਜਨਕ ਹੀ ਪ੍ਰਤੀਤ ਹੁੰਦੇ ਹਨ । ਸਮਾਜਵਾਦੀ ਦੇਸ਼ਾਂ ਤੋਂ ਬਾਹਰ ਸਭਨੀ ਥਾਈਂ ਬੁਧੀਵਾਦੀਆਂ ਵਲੋਂ 'ਸਮਾਜਵਾਦੀ ਯਥਾਰਥਵਾਦ'ਨਾਲ ਅਸੰਤੁਸ਼ਟਾਂ ਦਾ ਦਿਖਾਵਾਂ ਹੋ ਰਹਿਆ ਹੈ । ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਅਣਸਮਾਜਵਾਦੀ ਸੰਸਾਰ ਵਿੱਚ ਬੁਧੀਵਾਨਾਂ ਨੇ ਅਗਵਾਈ ਕਰਨ ਦਾ ਸਾਹਸ ਤਿਆਗ ਦਿੱਤਾ ਹੈ ' ਕਾਂਤੀਕਾਰੀ ਸਮਾਜਵਾਦੀ ਸਾਹਿਤ ਤਦੇ ਪੈਦਾ ਹੋ ਸਕਦਾ ਹੈ, ਜੇ ਸਮਾਜ ਦੀ ਅਗਵਾਈ ਕ੍ਰਾਂਤੀਕਾਰੀ ਹੱਥਾਂ ਵਿੱਚ ਹੋਵੇ ।

-O-


ਮਾਸਕ ਪੱਤਰ

ਆਲੋਚਨਾ

ਦੇ

ਆਪ ਗਾਹਕ ਬਣੋ

ਤੇ

ਹੋਰਨਾਂ ਨੂੰ ਬਣਨ ਲਈ ਪਰੇਰੋ