ਪੰਨਾ:Alochana Magazine February 1963.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈਰਾਨ ਕਰਦੇ ਹਨ । ਪਹਲੇ ਬੰਦ ਵਿੱਚ ਕਵਿਤਾ ਦੀ ਅਪੀਲ ਇੰਦ੍ਰਾਵੀ ਪ੍ਰਭਾਵ ਦੇ ਸਿਖਰ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਮਾਨਸਕਤਾ ਵਲ ਵਧਦੀ ਜਾਂਦੀ ਹੈ । ਚੌਥੇ ਬੰਦ ਦੀ ਅਪੀਲ ਇੰਦ੍ਰਾਵੀ ਪੱਖ ਬਹੁਤ ਨਿਰਬਲ, ਪਰ ਮਾਨਸਕ ਪੱਖੋਂ ਅਤਅੰਤ ਬਲਵਾਨ ਹੈ ਸੁਲਤਾਨ ਦੇ ਲਸ਼ਕਰ, ਤਖਤ ਤੇ ਸਭ ਉਤੇ ਹੁਕਮ ਚਲਾ ਸਕਣ ਦਾ ਅਧਿਕਾਰ ਸ਼ਾਹਾਨਾ ਤਰਜ਼ ਨਾਲ ਜਾਂ ਨਾਟਕੀ ਅੰਦਾਜ਼ ਵਿੱਚ ਵਰਨਣ ਨਹੀਂ ਹੋਏ । ਇਹ ਕੇਵਲ ਪਾਠਕਾਂ ਦੇ ਮਨ ਵਿੱਚ ਸੁਲਤਾਨ ਦੀ ਅਪਾਰ ਸ਼ਕਤੀ ਦਾ ਅਹਸਾਸ ਜਗਾਉਣ ਲਈ ਇਨ੍ਹਾਂ ਦੋ ਸਤਰਾਂ ਵਿੱਚ ਇਕਤ੍ਰ ਕੀਤੇ ਗਏ ਹਨ । ਯੂਵਕਾਂ ਦੇ ਮਾਨਣ ਯੋਗ ਇੰਦ੍ਰਾਵੀ ਬਿੰਬਾਵਲੀ ਤੇ ਗੰਭੀਰ ਲੋਕਾਂ ਦੇ ਮਾਨਣ ਯੋਗ ਮਾਨਸਕ ਤੇ ਰਾਜਸੀ ਸ਼ਕਤੀਆਂ ਦੀ ਸੁਝਾਉ ਬਿੰਬਾਵਲੀ ਨੂੰ ਠੀਕ ਤਰਤੀਬ ਵਿੱਚ ਗੁੰਦ ਕੇ ਕਵੀ ਨੇ ਪਾਠਕਾਂ ਦੀ ਬਿਰਤੀ ਨੂੰ ਕਈ ਪਖੋਂ, ਕਵਿਤਾ ਵਿੱਚ ਜੋੜ ਲਇਆ ਹੈ । ਇਸ ਤਰਾਂ ਨਾਲ ਅੰਦਰੋਂ ਬਾਹਰੋਂ ਇਕਾਗਰ ਹੋਏ ਪਾਠਕ ਉਤੇ ਕਵਿਤਾ ਦੀ ਕੇਂਦਰੀ ਸਪਿਰਟ ਦਾ ਅਸਰ ਜਲਦੀ ਪੈਂਦਾ ਹੈ ਤੇ ਉਹ ਕਵੀ ਦੇ ਪਰਗਟਾਏ ਜੀਵਨ-ਸੱਚ ਨੂੰ ਗ੍ਰਹਣ ਕਰਨ ਦੇ ਵਧੇਰੇ ਯੋਗ ਬਣਦਾ ਹੈ । ਭਾਵੇਂ ਪਹਿਲੀ ਨਜ਼ਰੇ ਦੇਖਣ ਵਾਲੇ ਨੂੰ ਇਸ ਕਵਿਤਾ ਦੀ ਮੁਢਲੀ ਸਤਰ ਰਤਨਾਂ, ਮੋਤੀਆਂ ਦੀ ਚਮਕ ਦੇਣ ਕਰ ਕੇ ਸਭ ਤੋਂ ਵਧ ਮੁੰਹਦੀ ਹੈ, ਪਰ ਵਧੇਰੇ ਸੰਜੀਦਾ ਪਾਠਕ ਇਸ ਦੇ ਡੂੰਘੇਰੇ ਤੱਤਾਂ ਨੂੰ ਅਪਣਾਉਂਦਾ ਹੋਇਆ, ਗੁਰੂ ਨਾਨਕ ਦੇ ਰਬੀ ਪ੍ਰੇਮ ਦੇ ਵਲਵਲਿਆਂ ਦੀ ਤੀਬਰਤਾ ਦਾ ਕੁਝ ਅਨੁਮਾਨ ਬਨਾਉਣ ਤੇ ਉਨ੍ਹਾਂ ਦਾ ਰੱਸ ਚੱਖਣ ਦੇ ਸ਼ੀਘਰ ਸਮਰੱਥ ਹੋ ਜਾਂਦਾ ਹੈ । ਪ੍ਰਭਾਵ ਦੀ ਅਤਅੰਤ ਬਝਵੀਂ ਇਕਾਗਰਤਾ ਇਸ ਕਵਿਤਾ ਦੀ ਕਲਾ ਦਾ ਪਰਮੁਖ ਗੁਣ ਹੈ ।


ਲਿਖਾਰੀਆਂ ਨੂੰ ਬੇਨਤੀ

ਨੋਟ : ਲਿਖਾਰੀ ਸੱਜਣਾਂ ਅੱਗੇ ਬੇਨਤੀ ਹੈ ਕਿ ਅੱਗੋਂ ਤੋਂ ਆਪਣੇ ਲੇਖ ਹੇਠ ਲਿਖੇ ਪਤੇ ਤੇ ਭੇਜਣ ਦੀ ਕਿਰਪਾਲਤਾ ਕਰਨ ।

ਪ੍ਰੋ: ਅਤਰ ਸਿੰਘ, ਐਮ. ਏ.

ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ

ਚੰਡੀਗੜ੍ਹ ।

੨੧