ਪੰਨਾ:Alochana Magazine February 1963.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਸੇਕ ਹੈ ਨਫਰਤ ਜੇਹੀ ਦਾ
ਏਸ ਚੌਗਿਰਦੇ ਵਿਰੁਧ !
ਚਾਰ ਦੀਵਾਰੀ ਵਿਰੁਧ !"

ਸਾਰੀ ਕਵਿਤਾ ਇਕ ਵਾਰੀ ਪੜ੍ਹਨ ਨਾਲ ਕੁਝ ਵਿਕੋਲਿਤਰੇ ਜੇਹੇ ਪ੍ਰਭਾਵ ਛਡਦੀ ਹੈ ਤੇ ਇਹ ਆਮ ਤੌਰ ਤੇ ਵੇਖਿਆ ਗਇਆ ਹੈ ਕਿ ਨਵੀਂ ਕਵਿਤਾ ਨੂੰ ਬਹੁਤ ਸਾਰੇ ਲੋਕ ਮਾਣ ਨਹੀਂ ਸਕਦੇ । ਕਾਰਣ ਸਪੱਸ਼ਟ ਹੈ ਕਿ ਉਹਨਾਂ ਵਿੱਚ ਅਜੋਕੀ ਕਾਵਿਕ ਅਨੁਭੂਤੀ (poetic sensibility) ਨੂੰ ਸਮਝਣ ਦੀ ਘਾਟ ਹੈ । ਜਿਨਾ ਚਿਰ ਕੋਈ ਕਵੀ ਜਿਸ ਭਾਵ-ਸੁਰ (emotional pitch) ਤੇ ਭਾਵਾਂ ਨੂੰ ਚਿਤਵਦਾ ਤੇ ਪਰਖਦਾ ਹੈ, ਉਸ ਨਾਲ ਤਦਰੂਪਤਾ (identification) ਨਾ ਸਥਾਪਤ ਹੋਵੇ, ਉਤਨਾ ਚਿਰ ਅਜੋਕੀ ਕਵਿਤਾ ਨੂੰ ਮਾਣਨਾ ਸੰਭਵ ਨਹੀਂ। ਇਹੋ ਕਾਰਨ ਹੈ ਕਿ ਪਿਛਲੇ ਪੀੜ੍ਹੀ ਦੇ ਪਾਠਕ ਅਜੋਕੀ ਕਵਿਤਾ ਦੀ ਉਦਾਰਤਾ (Sublimity) ਨੂੰ ਸਮਝਣ ਤੋਂ ਅਸਮਰਥ ਹਨ ।

ਕਵੀ ਨੇ “ਅਗਰਬਤੀ’ ਦਾ ਬਿੰਬ ਵੀ ਪੂਰਨ ਸਫਲਤਾ ਨਾਲ ਨਿਭਾਇਆ ਹੈ । ਸਮੁਚੀ ਕਵਿਤਾ ਵਿਚ ਇਹੋ ਹੀ ਮੁਖ ਬਿੰਬ ਹੈ ਤੇ ਬਾਕੀ ਬਿੰਬ, ਜਾਂ ਤਾਂ ਉਸੇ ਬੰਬ ਦੇ ਸਹਜ ਗੁਣ (Attributes) ਹਨ ਤੇ ਅਗਰਬੱਤੀ ਦੇ ਬਿੰਬ ਨੂੰ ਵਧੇਰੇ ਉਜਾਗਰ ਕਰਨ 'ਚ ਸਹਾਈ ਹੁੰਦੇ ਹਨ । 'ਅਗਰਬਤੀ’ ਤੇ ‘ਚੰਦਨ' ਦੀ ਮਹਕ ਦੀ ਸਾਂਝ ਹੈ | ਅਗਰਬਤੀ ਦਾ ਉਠਦਾ ਧੂਆਂ ਮਨੁਖੀ ਜਜ਼ਬਾਤ ਦੇ ਧੂਏ ਨਾਲ ਇਕ ਸਾਂਝ ਪੈਦਾ ਕਰਦਾ ਹੈ । ਜਿਵੇਂ ਅਗਰਬੱਤੀ ਅੰਤ ਤਕ ਧੂਆਂ ਛਡਦੀ ਰਹਿੰਦੀ ਹੈ, ਉਸੇ ਤਰ੍ਹਾਂ ਮਨੁਖੀ ਜ਼ਿੰਦਗੀ, ਅਜੋਕੀ ਜ਼ਿੰਦਗੀ ਦੀਆਂ ਸਮਸਿਆਵਾਂ 'ਚ ਗ੍ਰਸਤ ਧੂਆਂ ਛਡਦੀ ਰਹਿੰਦੀ ਹੈ । ਅੰਤਮ ਸਤਰਾਂ 'ਚ ਆਪਣੀ ਪ੍ਰੀਤਮਾਂ ਦੇ ਕਹੇ ਗਏ ਕਿਸੇ ਵੇਲੇ ਦੇ ਸ਼ਬਦਾਂ “ਹੈ ਜ਼ਿੰਦਗੀ ਚੰਦਨ ਦਾ ਰੁੱਖ" ਨਾਲ ਸੰਬੰਧਤ ਕਰਕੇ ਅੰਤਮ ਸਤਰਾਂ ਵਿੱਚ ਚੰਦਨ ਜੇਹੀ ਜ਼ਿੰਦਗੀ ਦੇ ਸੜਨ ’ਚ ਜੇਹੜੀ ਖੁਸ਼ਬੂ ਹੈ, ਉਹ ਹੀ ਖੁਸ਼ਬੂ ਅਗਰਬੱਤੀ ਦੇ ਸੜਨ ਦੀ ਹੈ ਤੇ ਇਉਂ ਕਵੀ ਦੇ ਅੰਦਰਲੇ ਤੇ ਬਾਹਰਲੇ ਆਪੇ ਵਿੱਚ ਇਕਰੂਪਤਾ ਪੈਦਾ ਹੁੰਦੀ ਹੈ । ਅਗਰਬੱਤੀ ਦਾ ਬਿੰਬ ਬਹੁਤ ਹੀ ਸਫਲ ਤਰੀਕੇ ਨਾਲ ਨਿਭਾਇਆ ਗਇਆ ਹੈ । ਇਨ੍ਹਾਂ ਸਾਰੇ ਭਾਵਾਂ ਦਾ ਇਹ ਅਰਥ ਨਹੀਂ ਕਿ ਕਵੀ ਆਧੁਨਿਕ ਕਾਵਿ-ਅਨੁਭੂਤੀ ਦੇ ਸਮੁਚੇ ਗੁਣਾਂ ਨੂੰ ਅਪਣਾ ਸਕਿਆ ਹੈ । ਕਹਿਣ ਦਾ ਭਾਵ ਇਹ ਹੈ ਕਿ ਕਵੀ ਦੀ ਸੇਧ ਆਧੁਨਿਕਤਾ ਵਾਲੀ ਜ਼ਰੂਰ ਹੈ ।