ਪੰਨਾ:Alochana Magazine February 1963.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਤਾਰ ਸਿੰਘ ਸੂਰੀ-

ਭਾਸ਼ਾ ਵਿਗਿਆਨ ਦਾ ਸਰੂਪ


ਪਰਿਭਾਸ਼ਾ-

ਮਨੁਖਾਂ ਕੋਲ ਆਪਣੇ ਭਾਵਾਂ ਨੂੰ ਇਕ ਦੂਸਰੇ ਦੇ ਸਾਹਮਣੇ ਪ੍ਰਗਟਾਉਣ ਦਾ ਸਭ ਤੋਂ ਵੱਡਾ ਸਾਧਨ ਭਾਸ਼ਾ ਹੈ । ਭਾਸ਼ਾ ਹੀ ਮਨੁੱਖ ਜਾਤੀ ਨੂੰ ਦੂਸਰੇ ਜੀਵਾਂ ਨਾਲੋਂ ਸ੍ਰੇਸ਼ਠ ਬਣਾਂਦੀ ਹੈ । ਹਰ ਦੇਸ਼, ਪ੍ਰਦੇਸ਼ ਤੇ ਇਲਾਕੇ ਦੀ ਆਪੋ ਅਪਣੀ ਬੋਲੀ ਹੈ ਤੇ ਹਰ ਬੋਲੀ ਦਾ ਆਪੋ ਆਪਣਾ ਇਤਿਹਾਸ ਹੈ । ਹਰ ਬੋਲੀ ਵੱਖ ਵੱਖ ਪੜਾਵਾਂ ਤੇ ਅਵਸਥਾਵਾਂ ਵਿੱਚੋਂ ਲੰਘ ਕੇ ਆਪਣੇ ਸਿਖਰ ਤੇ ਪੁਜਦੀ ਹੈ । ਉਸ ਵਿੱਚ ਸਮੇਂ ਸਮੇਂ ਕਈ ਪਰੀਵਰਤਨ ਆਉਂਦੇ ਰਹਿੰਦੇ ਹਨ। ਇਕ ਭਾਸ਼ਾ, ਜਿਹੜੀ ਇਕ ਸਮੇਂ ਆਪਣੇ ਸਿਖਰ ਤੇ ਪੁਜ ਚੁਕੀ ਹੁੰਦੀ ਹੈ, ਕਾਲਾਂਤਰ ਵਿੱਚ ਉਹੀ ਭਾਸ਼ਾ ਵਿਨਾਸ਼ ਨੂੰ ਪ੍ਰਾਪਤ ਹੋ ਜਾਂਦੀ ਹੈ ਜਾਂ ਢਹਿੰਦੀਆਂ ਕਲਾ ਵਲ ਜਾਣ ਲਗ ਪੈਂਦੀ ਹੈ । ਇਸੇ ਤਰ੍ਹਾਂ ਦੂਸਰੀ ਭਾਸ਼ਾ, ਜਿਸ ਨੂੰ ਕਿਸੇ ਸਮੇਂ ਘਟੀਆ ਤੇ ਅਸ਼ੁਧ ਭਾਸ਼ਾ ਸਮਝ ਕੇ ਤਿਆਗ ਦਿੱਤਾ ਜਾਂਦਾ ਹੈ, ਉਹੀ ਸਮਾਂ ਪਾ ਕੇ ਰਾਜ-ਭਾਸ਼ਾ ਜਾਂ ਦੇਸ਼-ਭਾਸ਼ਾ ਦੀ ਪਦਵੀ ਪ੍ਰਾਪਤ ਕਰ ਲੈਂਦੀ ਹੈ । ਉਦਾਹਰਣ ਵਜੋਂ ਭਾਰਤ ਵਿੱਚ ਸੰਸਕ੍ਰਿਤ ਦਾ ਕਿਸੇ ਸਮੇਂ ਬੋਲ-ਬਾਲਾ ਸੀ, ਇਸ ਭਾਸ਼ਾ ਨੂੰ ਬੋਲ ਸਕਣਾ ਤੇ ਪੜ੍ਹ ਲਿਖ ਸਕਣਾ ਗੌਰਵ ਦੀ ਗੱਲ ਸਮਝਿਆ ਜਾਂਦਾ ਸੀ, ਪਰ ਇਸ ਦੇ ਉਲਟ ਉਸ ਸਮੇਂ ਦੀਆਂ ਪ੍ਰਾਕ੍ਰਿਤ ਜਾਂ ਅਪਭਰੰਸ਼ ਭਾਸ਼ਾਵਾਂ ਨੂੰ ਭਿੱਟੀਆਂ ਹੋਈਆਂ ਤੇ ਗਵਾਰੂ ਬੋਲੀਆਂ ਸਮਝ ਕੇ ਦੁਰਕਾਰ ਦਿੱਤਾ ਜਾਂਦਾ ਸੀ, ਪਰ ਅੱਜ ਉਹਨਾਂ ਹੀ ਪ੍ਰਾਕ੍ਰਿਤਾਂ ਤੇ ਅਪਭਰੰਸ਼ਾਂ ਤੋਂ ਵਿਕਸਤ ਹੋਈਆਂ ਭਾਸ਼ਾਵਾਂ-ਹਿੰਦੀ, ਪੰਜਾਬੀ, ਗੁਜਰਾਤੀ, ਬੰਗਲਾ ਆਦਿ ਨੂੰ ਏਨੀ ਮਾਨਤਾ ਮਿਲੀ ਹੈ ਕਿ ਉਹ ਆਪੋ ਆਪਣੇ ਪ੍ਰਦੇਸ਼ ਦੀਆਂ ਰਾਜ-ਭਾਸ਼ਾਵਾਂ ਹਨ ਤੇ ਸੰਸਕ੍ਰਿਤ ਕੇਵਲ ਕੁਝ ਇਕ ਪੰਡਿਤ ਲੋਕਾਂ ਦੀ ਪੂੰਜੀ ਬਣ ਕੇ ਰਹਿ ਗਈ ਹੈ । ਇਹ ਪਰੀ ਵਰਤਨ ਕਿਵੇਂ ਆ ਗਇਆ, ਕਿਵੇਂ ਇਕ ਭਾਸ਼ਾ ਦਾ ਵਿਨਾਸ਼ ਤੇ ਦੂਸਰੀ ਦਾ ਵਿਕਾਸ ਹੋ ਜਾਂਦਾ ਹੈ ? ਉਹ ਕਿਹੜੇ ਨਿਯਮ ਹਨ, ਜਿਨ੍ਹਾਂ ਦੇ ਅਧੀਨ ਇਹ ਤਬਦੀਲੀਆਂ ਆਉਂਦੀਆਂ ਹਨ ?

੩੪