ਪੰਨਾ:Alochana Magazine July 1957.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰਾ ਸਿੰਘ ਪਦਮ--

ਹਾਸ਼ਮ ਦੇ ਜੀਵਨ ਬਾਰੇ

(ਨੋਟ--ਹਾਸ਼ਮ ਦੇ ਜੀਵਨ ਸੰਬੰਧੀ ਨਵੀਨਤਮ ਖੋਜ ਸਰਦਾਰ ਹਰਨਾਮ ਸਿੰਘ ਸ਼ਾਨ ਤੇ ਪ੍ਰੋ: ਦੀਵਾਨ ਸਿੰਘ ਵੱਲੋਂ ਹੋਈ ਹੈ। ਇਸ ਲਈ ਇਸ ਲੇਖ ਵਿਚ ਉਕਤ ਲੇਖਕਾਂ ਦੇ ਸਿੱਟੇ ਵਿਚਾਰ ਕੇ ਆਪਣੀ ਰਾਇ ਪ੍ਰਗਟ ਕੀਤੀ ਗਈ ਹੈ।)

ਪਰਮ ਸੰਤ-ਕਵੀਂ ਹਾਸ਼ਮ ਦੀ ਮਹਾਨਤਾ ਇਸ ਗੱਲ ਵਿੱਚ ਛੁਪੀ ਹੋਈ ਹੈ ਕਿ ਉਹ ੧੮ਵੀਂ ਸਦੀ ਵਿੱਚ ਜੰਮ ਕੇ ਵੀ ਵੀਹਵੀਂ ਸਦੀ ਦੀ ਸਾਹਿਤਕ ਨਵੀਨਤਾ ਜਾਂ ਕਾਵਿ-ਆਧੁਨਿਕਤਾ ਦਾ ਸੁਆਮੀ ਹੈ। ਉਸ ਦੀ ਕਵਿਤਾ ਦਾ ਵਸਤੂ ਤੇ ਰੂਪ, ਭਾਵ ਤੇ ਭਾਸ਼ਾ ਸਾਡੀ ਆਧੁਨਿਕ ਸ਼ੈਲੀ ਤੇ ਆਧੁਨਿਕ ਸ਼ੇਲੀ ਪੱਧਰ ਨਾਲ ਸਹਿਜੇ ਹੀ ਮੇਚ ਖਾਂਦੇ ਹਨ। ਦੁਜੇ ਉਸ ਦੀ ਸ਼ਾਇਰੀ ਦੀ ਵਡਿਆਈ ਫ਼ਕੀਰੀ ਦੇ ਬੋਲਾਂ ਕਰ ਕੇ ਵੀ ਹੈ। ਪੰਜਾਬੀ ਕਿੱਸਾਕਾਰ ਵਿੱਚ ਉਸ ਨੇ ਸੂਫ਼ੀ ਕਾਵਿ-ਧਾਰਾ ਜੇਹਾ ਦਰਿਆ ਵਗਾ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ; ਜੋ ਸੁੱਚਮ ਹਾਸ਼ਮ ਨੇ ਕਿੱਸਿਆਂ ਵਿਚ ਕਾਇਮ ਰਖਿਆ ਹੈ, ਉਹ ਹੋਰ ਕਿਸੇ ਕਿੱਸਾਕਾਰ ਨੂੰ ਨਸੀਬ ਨਹੀਂ। ਉਹ ਇਸ਼ਕ-ਹਕੀਕੀ ਤੇ ਇਸ਼ਕ-ਮਜਾਜ਼ੀ ਦੋਹਾਂ ਦਾ ਸਾਂਝਾ ਇਕੋ-ਇਕ ਕਵੀ ਹੈ, ਜੋ ਇਤਨੀ ਬੌਧਕ-ਉੱਚਤਾ, ਕਲਪਨਾ-ਉਡਾਰੀ ਤੇ ਭਾਵਾਂ ਦੇ ਚਮਤਕਾਰ ਦਿਖਾਂਦਾ ਹੈ।

ਜੇ ਉਹ ਸ਼ਾਹ ਹੁਸੈਨ ਤੇ ਬਲੇ ਵਾਲਾ ਰੰਗ ਰਖਦਾ ਹੈ ਤਾਂ ਮੁਕਬਲ ਤੇ ਵਾਰਸ ਦਾ ਕਸਬ ਵੀ ਉਸ ਨੂੰ ਭੁੱਲਾ ਹੋਇਆ ਨਹੀਂ।

ਉਸ ਦਾ ਹੁਸਨ-ਵਰਣਨ ਸ਼ੋੋਖ਼ੀ ਤੋਂ ਬਗੈਰ ਆਕਰਸ਼ਕ ਹੈ, ਉਸ ਦਾ ਪ੍ਰੀਤ-ਬਿਆਨ ਇਕ ਅਨੋਖੀ ਤੇ ਅਨੁਪਮ ਪਵਿੱਤਰਤਾ ਦਾ ਧਾਰਨੀ ਹੈ, ਉਸ ਦਾ ਕਹਾਣੀ-ਵਰਣਨ, ਇੱਕ ਪੰਛੀ ਵਾਂਙ ਸਿੱਧੀ ਉਡਾਰੀ ਮਾਰ ਮੰਜ਼ਲ ਵੱਲ ਜਾਂਦਾ ਹੈ। ਉਸ ਦੇ ਪਾਤਰ ਸਾਉ ਪੇਮੀ, ਸੰਤ-ਸਿਪਾਹੀਆਂ ਵਾਂਙ ਜੂਝਣ ਵਾਲੇ ਹਨ ਤੇ ਇਸ਼ਕ ਦੇ ਆਦਰਸ਼ ਨੂੰ ਪਾਲਦੇ ਜਾਨਾਂ ਵਾਰਨੋਂ ਸੰਕੋਚ ਨਹੀਂ ਕਰਦੇ, ਕੋਈ ਜਲ ਵਿਚ ਡੁੱਬ ਮਰਦਾ ਹੈ, ਕੋਈ ਥਲ ਵਿੱਚ ਭੁੱਜ ਮਰਦਾ ਹੈ ਤੇ ਕੋਈ ਬੀਆਬਾਨਾਂ ਤੇ ਪਹਾੜਾਂ

[੧੩