ਪੰਨਾ:Alochana Magazine July 1957.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਸਤਾਰ ਕੁਦਰਤੀ ਹੈ। ਨਾਟਕ, ਸਰੋਦੀ ਕਵਿਤਾ ਅਤੇ ਹੋਰ ਸਾਹਿੱਤਕ ਰੂਪਾਂ ਵਿਚ ਐਨਾ ਮੁਮਕਿਨ ਨਹੀਂ। ਜਦੋਂ ਕਿਸੇ ਸਾਹਿੱਤਕਾਰ ਦੇ ਹੱਥਾਂ ਵਿਚ ਐਪਕ ਆ ਜਨਮੇ ਕਿੰਗਲੀਅਰ ਵਾਂਗ ਉਹ ਨਾਟਕ ਦੀਆਂ ਹਦ-ਬੰਦੀਆਂ ਤੋੜ ਦੇਂਦਾ ਹੈ ਅਤੇ ਜੇ ਸਭਿਅਤਾ ਦੀ ਭਰਵੀਂ ਤਸਵੀਰ ਦੇਣੀ ਹੋਵੇ ਤਾਂ ਸਾਹਿੱਤਕਾਰ ਕੁਦਰਤੀ ਐਪਕ ਜਾਂ ਨਾਵਲ ਨੂੰ ਹੀ ਹਥ ਪਾਉਂਦਾ ਹੈ। ਪਰ ਇਹ ਕਹਿਣਾ ਖਤਰਨਾਕ ਹੈ ਕਿ ਸਾਹਿੱਤਕ ਮਹੱਤਤਾ ਵਿਸਤਾਰ ਵਿਚ ਹੈ। ਸ਼ੇਕਸਪੀਅਰ ਦੇ ਦੁਖਾਂਤਾਂ ਵਿਚ ਵਿਸਤਾਰ ਨਹੀਂ। ਸੇਖੋਂ ਸਾਹਿਬ ਦਾ ਖਿਆਲ ਹੈ ਕਿ ਉਨ੍ਹਾਂ ਵਿਚ ਸਾਹਿੱਤਕ ਮਹੱਤਤਾ ਨਾਵਲਕਾਰਾਂ ਨਾਲੋਂ ਘਟ ਹੈ। ਸਵੇਰ ਤੋਂ ਸ਼ਾਮ ਤਕ ਵਿਸਤਾਰ ਦੇ ਭਾਵੇਂ ਕੋਈ ਢੇਰ ਲਾ ਦੇਵੇ, ਜੇ ਗਲ ਦੀ ਗੁਲੀ ਪੇਸ਼ ਨਹੀਂ ਤਾਂ ਵਿਸਤਾਰ ਬਾਰਹੀਨ ਹੈ। ਮਹਾਨ ਨਾਟਕਕਾਰ ਤੇ ਕਵੀ ਜ਼ਮਾਨੇ ਦਾ ਦੌਰ, ਇਨਕਲਾਬ ਇਕ ਪਾਤਰ ਵਿਚ ਮੂਰਤੀਮਾਨ ਕਰ ਜਾਂਦੇ ਹਨ।

ਫੇਰ ਸੇਖੋਂ ਲਿਖਦਾ ਹੈ, ਹੀਰ ਰਾਂਝੇ ਦੀ ਕਹਾਣੀ ਦੇ ਇਤਨੀ ਲੋਕ-ਪ੍ਰਵਾਨ ਹੋਣ ਦਾ ਇਕ ਸਬਬ ਸ਼ਾਇਦ ਇਹ ਹਿੰਦੂ ਮੁਸਲਮਾਨ ਦੋ ਰੰਗੀ ਵੀ ਹੈ'.........'ਪਰ ਸਭ ਤੋਂ ਵੱਡਾ ਕਾਰਣ ਹੀਰ ਦੇ ਲੋਕ-ਪ੍ਰਵਾਨ ਹੋਣ ਦਾ ਇਹ ਹੈ ਕਿ ਇਸ ਵਿਚ ਉਸ ਸਮੇਂ ਦੇ ਲੋਕਾਂ ਦਾ ਵਿਸ਼ਾਦ ਭਰਿਆ, ਰਸ-ਰਹਿਤ ਜੀਵਨ ਚਿਤਰਿਆ ਗਇਆ ਹੈ'। ਇਹ ਠੀਕ ਹੈ ਕਿ ਆਪਣੀ ਬੋਲੀ ਵਿਚ ਸਾਹਿੱਤ ਸਾਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਕਿਉਂਕਿ ਬੋਲੀ ਦੀ ਸਾਨੂੰ ਪੂਰੀ ਗਹਿਰਾਈ ਤੇ ਸਹੀ ਵਾਯੂ ਮੰਡਲ ਦੀ ਸਮਝ ਆਉਂਦੀ ਹੈ। ਇਹ ਵੀ ਸਹੀ ਹੈ ਕਿ ਆਪਣੇ ਸਮੇਂ ਤੇ ਆਪਣੀ ਜ਼ਿੰਦਗੀ ਦਾ ਚਿਤਰ ਸਾਨੂੰ ਜ਼ਿਆਦਾ ਖਿਚਦਾ ਹੈ, ਕਿਉਂਕਿ ਆਪਣੇ ਮਸਲਿਆਂ ਦੀ ਜ਼ਿਆਦਾ ਵਾਕਫੀ ਤੇ ਉਨ੍ਹਾਂ ਵਿਚ ਜ਼ਿਆਦਾ ਦਿਲਚਸਪੀ ਹੁੰਦੀ ਹੈ, ਪਰ ਸਾਹਿੱਤ ਵਿਚ ਕੌਮੀ ਜਾਂ ਫਿਰਕਾਰਾਨਾ ਪ੍ਰਤੀਨਿਧਤਾ ਨਹੀਂ ਹੁੰਦੀ। ਸਾਹਿੱਤ ਵਿਚ ਦੋ ਹੀ ਫਰੀਕ ਹੁੰਦੇ ਹਨ, ਇਨਸਾਨੀਅਤ ਅਤੇ ਗੈਰ-ਇਨਸਾਨੀਅਤ ਦੇ। ਸਾਹਿੱਤ ਵਿਚ ਬਹਾਦਰੀ ਇਨਸਾਨੀਅਤ ਦੀ ਹੁੰਦੀ ਹੈ ਅਤੇ ਇਨਸਾਨੀਅਤ ਦੀ ਆਪਣੀ ਹੋਂਦ ਤੇ ਹਸਤੀ ਵਾਸਤੇ ਲੜਾਈ ਸਾਡੀ ਦਿਲਚਸਪੀ ਖਿਚਦੀ ਹੈ, ਪਾਤਰਾਂ ਵਿਚ ਸਾਡਾ ਆਪਣਾ ਆਪ ਮਹਿਸੂਸ ਕਰਾਉਂਦੀ ਹੈ।

ਨਾ ਹੀ ਹੀਰ ਇਸ ਵਾਸਤੇ ਹਰ ਮਨ ਪਿਆਰੀ ਹੈ ਕਿ ਉਸ ਵਿਚ ਲੋਕਾਂ ਦਾ ਵਿਸ਼ਾਦ ਭਰਿਆ ਤੇ ਰਸ-ਰਹਿਤ ਜੀਵਨ ਚਿਤਰਿਆ ਹੈ। ਵਾਰਸ ਸ਼ਾਹ ਗਰੀਬੀ ਦੀ ਤਸਵੀਰ ਨਹੀਂ ਦੇਂਦਾ । ਹੀਰ ਦਾ ਨਾਟਕ ਪਿੰਡ ਦੀਆਂ ਉਪਰਲੀਆਂ ਜਮਾਤਾਂ ਵਿਚ ਹੁੰਦਾ ਹੈ, ਉਥੇ ਖਾਣ ਹੰਢਾਉਣ ਦੀ ਭੁੱਖ ਨਹੀਂ। ਕਿਤੇ ਗਰੀਬੀ ਦੀ ਪਾਈ

੬੮]