ਪੰਨਾ:Alochana Magazine July 1957.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੜ੍ਹਈ ਵਿਚ ਪਾਇ ਦੀ ਆਲੋਚਨਾ ਤੇ ਇਮਤਿਹਾਨ ਹੋਣਾ ਚਾਹੀਦਾ ਹੈ। ਸੰਖੇਪਾਂ ਤਕ ਹੀ ਮਹਿਦੂਦ ਨਹੀਂ ਹੋਣੀ ਚਾਹੀਦੀ।

ਪਰ ਸਭ ਤੋਂ ਜ਼ਰੂਰੀ ਗਲ ਇਹ ਹੈ ਕਿ ਸਾਹਿਤ ਵਿਚ ਵੀ ਲੋਕਾਂ ਦੀ ਜਮਹੂਰੀਅਤ ਅਪਣਾ ਹਥ ਵਿਖਾਵੇ। ਇਸ ਤੋਂ ਬਗੈਰ, ਸਾਹਿਤ ਦੀਆਂ ਬਾਈ ਮੰਜੀਆਂ, ਮੁਖ ਬੰਦੀਆਂ, ਆਲੋਚਨਾ ਦੀ ਲਿਹਾਜ਼ ਪਿਆਜ਼ੀ ਤੇ ਕਿਤਾਬਾਂ ਲਗਣ ਲਗਾਣ ਵਿਚ ਮਨ ਮਰਜ਼ੀ ਦੀ ਸਫ ਨਹੀਂ ਵਲ੍ਹੇਟੀ ਜਾਏਗੀ। ਚਾਹੀਦਾ ਇਹ ਹੈ ਕਿ ਅਕਾਡਮੀ, ਕੇਂਦਰੀ ਲਿਖਾਰੀ ਸਭਾ ਜਾਂ ਕੋਈ ਹੋਰ ਜੀਉਂਦੀ ਜਾਗਦੀ ਸੰਸਥਾ, ਪੰਜਾਂ ਚਹੁੰ ਆਦਮੀਆਂ ਕੋਲੋਂ ਸਾਲ ਦੀ ਸਾਹਿਤਕਾਰੀ ਦੀ ਆਲੋਚਨਾ ਕਰਾਏ, ਉਹ ਸਲਾਨਾ ਇਜਲਾਸ ਵਿਚ ਪੇਸ਼ ਹੋਵੇ, ਪੇਸ਼ ਹੋਣ ਤੋਂ ਕੁਝ ਚਿਰ ਪਹਿਲਾਂ ਛਪਕੇ ਲੋਕਾਂ ਦੇ ਹਥਾਂ ਵਿਚ ਚਲੀ ਜਾਵੇ ਤਾਕਿ ਉਸਦੀ ਬਹਿਸ ਵਿਚ ਲੋਕ ਖੁਲ੍ਹੀ ਤਰ੍ਹਾਂ ਹਿੱਸਾ ਲੈ ਸਕਣ ਅਤੇ ਇਜਲਾਸ ਤੋਂ ਮਗਰੋਂ ਇਹ ਬਹਿਸ ਪੰਜਾਬੀ ਰਸਾਲਿਆਂ ਤੇ ਥਾਂ ਥਾਂ ਦੀਆਂ ਸਾਹਿਤਕ ਮੀਟਿੰਗਾਂ ਵਿਚ ਚਲੀ ਜਾਵੇ ਤਾਕਿ ਆਲੋਚਕ ਸਾਹਿਤਕਾਰ ਤੇ ਪਾਠਕ-ਸਭ ਨੂੰ ਆਪਣਾ ਨਜ਼ਰੀਆ ਪੇਸ਼ ਕਰਨ ਦਾ ਮੌਕਾ ਮਿਲੇ ਤਾਕਿ ਸਾਹਿਤ ਸਿਆਸਤ ਵਾਂਗ ਘੁੰਡ ਲਾਹ ਕੇ ਬਾਜ਼ਾਰ ਵਿਚ ਆਵੇ, ਲੋਕਾਂ ਦੇ ਹਥੀਂ ਤੁਲੇ, ਜ਼ਬਾਨ ਤੇ ਚੜ੍ਹੇ, ਲਿਹਾਜ਼ ਪਿਆਜ਼ੀ ਖਤਮ ਹੋਵੇ ਜੋ ਵਸੇ ਸੋ ਪਾਵੇ। ਇਹ ਵੀ ਤਰੀਕਾ ਹੈ ਸਾਹਿਤ ਨੂੰ ਲੋਕਾਂ ਤਕ ਪੁਚਾਉਣ ਤੇ ਉਸ ਨੂੰ ਲੋਕ-ਪਿਆਰੀ ਬਨਾਉਣ ਦਾ। ਗੈਰ-ਇਨਸਾਨੀ ਮਨੋਰਥਾਂ ਨੂੰ ਲੋਕਾਂ ਦੇ ਸਾਹਮਣੇ ਨੰਗਿਆਂ ਕਰਕੇ ਉਨ੍ਹਾਂ ਦੇ ਮਨੋਂ ਲਾਹੋਣ ਦਾ। ਲੋਕਾਂ ਵਿਚ ਇਹ ਸ਼ਕਤੀ ਹੈ ਕਿ ਅੰਤ ਨੂੰ ਸਿਆਸਤ ਵਾਂਗ ਸਹਿਤ ਨੂੰ ਵੀ ਉਹ ਰਹੇ ਪਾ ਦੇਣ। ਜੇ ਲੋਕਾਂ ਵਿਚ ਸਿਆਸਤ ਦੇ ਪੇਚਦਗੀ ਸਮਝਣ ਅਤੇ ਉਸ ਬਾਬਤ ਬੱਸਾਂ, ਗੱਡੀਆਂ ਤੇ ਹੋਰ ਇਕੱਠਾਂ ਵਿਚ ਚਰਚਾ ਕਰਨ ਅਤੇ ਆਪਣੇ ਰੁਕ ਮੁਤਾਬਕ ਮੜ੍ਹ ਉਖੇੜਨ ਦੀ ਸ਼ਕਤੀ ਹੈ ਤਾਂ ਜੋ ਸਾਹਿਤ ਦੀ ਉਨ੍ਹਾਂ ਦੇ ਨੁਕਤੇ ਤੋਂ ਸਾਰਥਕ ਵਿਸ਼ਿਆਂ ਤੇ ਪਾਤਰਾਂ ਨੂੰ ਪੇਸ਼ ਕਰੇ ਤਾਂ ਕੋਈ ਵਜ਼ਾ ਨਹੀਂ ਕਿ ਉਹ ਇਨ੍ਹਾਂ ਬਾਬਤ ਬਹਿਸ ਮੁਬਹਿਸੇ ਕਿਉਂ ਨਾ ਕਰਨ। ਕਿਉਂ ਨਾ ਸਾਹਿਤਕਾਰ ਤੇ ਆਲੋਚਕ ਨੂੰ ਆਪਣੇ ਵਿਚ ਬਹਾ ਕੇ ਗਲਾਂ ਕਰਨ ਤੇ ਮਜਬੂਰ ਨਾ ਕਰਨ। ਸਾਹਿਤ ਨੂੰ ਹਰ ਵਿਚ ਲੋੜੀਂਦੀ ਵਸਤੂ ਕਿਉਂ ਨਾ ਬਨਾਉਣ। ਲੋਕਾਂ ਨੂੰ ਸਾਹਿਤ ਤੇ ਸਾਹਿਤਕ ਆਲੋਚਨਾ ਦੀ ਅਮੁਕ ਭੁਖ ਹੈ। ਅਤੇ ਇਹ ਭੁੱਖ ਪੂਰੀ ਨਹੀਂ ਹੋ ਰਹੀ। ਜਦੋਂ ਭੁਖ ਲੱਗੀ ਹੋਵੇ ਖਾਣ ਵਾਲੇ ਨੂੰ ਢਿਡ ਭਰਨ ਦੀ ਪਈ ਹੁੰਦੀ ਹੈ, ਸਵਾਦ ਵਲ ਧਿਆਨ ਨਹੀਂ ਹੁੰਦਾ। ਪੰਜਾਬ ਦੀ ਹੁਣ ਦੀ ਦਸ਼ਾ ਵਿਚ ਇਹ ਖਤਰਾ ਹੈ ਕਿ ਸਸਤੀਆਂ ਬਜ਼ਾਰੀ ਮੌਸਮੀ, ਦਿਮਾਗੀ ਬਹਿਸਾਂ ਨੂੰ ਵੀ ਪਾਠਕ ਦਬਾ ਦਬ ਪ੍ਰਵਾਨ ਕਰੀ ਜਾਣ।

[੭੫