ਪੰਨਾ:Alochana Magazine July 1964.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਤੱਖੀ ਵਸਤਾਂ ਵਿਚ ਜਜ਼ਬੇ ਦਾ ਮੂਰਤੀਮਾਨ ਹੋਣਾ ਵਿਅਕਤੀਗਤ ਪੱਧਰ ਤੇ ਵੀ ਸੰਭਵ ਹੈ ਤੇ ਸਮਾਜਕ ਪੱਧਰ ਤੇ ਵੀ । ਵਿਅਕਤੀਗਤ ਪੱਧਰ ਤੇ ਅਸੀਂ ਸਭ ਪ੍ਰਤੱਖੀ ਵਸਤਾਂ ਵਿਚ ਆਪਣੇ ਜਜ਼ਬੇ ਉਤਰਦੇ ਹਾਂ । ‘ਯਾਰ ਦੀ ਨਿਸ਼ਾਨੀ ਇਕ ਪ੍ਰਤੱਖੀ ਵਸਤ ਹੈ ਜੋ ਮੇਰੇ ਜਜ਼ਬਿਆਂ ਦਾ ਇਕ ਬ੍ਰਹਮੰਡ ਸਾਂਭ ਕੇ ਬੈਠੀ ਹੈ । ਪਰ ਸਾਧਾਰਨ ਬੰਦੇ ਵਿਚ ਤੇ ਕਲਾਕਰ ਵਿਚ ਇਕ ਵੱਡਾ ਫ਼ਰਕ ਇਹ ਹੈ ਕਿ ਕਲਾਕਾਰ ਵਿਅਕਤੀਗਤ ਪੱਧਰ ਤੋਂ ਉਠ ਕੇ ਆਪਣੀਆਂ ਸੰਤੁਸ਼ਟਤਾਵਾਂ ਤੇ ਭਾਵਨਾਵਾਂ ਦੀ ਸਮਾਜਕ ਪੱਧਰ ਤੇ ਹੋਰਨਾਂ ਨਾਲ ਸਾਂਝ ਕਰਨੀ ਲੋਚਦਾ ਹੈ । ਸਭ ਮਨੁਖ ਬੁਨਿਆਦੀ ਤੌਰ ਤੇ ਇਕੋ ਜਹੇ ਹਨ । ਇਸੇ ਲਈ ਕੋਈ ਵੀ ਕਲਾਤਮਿਕ ਜਾਂ ਸਾਹਿੱਤਕ ਰਚਨਾ ਹਰ ਬੰਦੇ ਦੇ ਦਿਲ ਵਿਚ ਇਕੋ ਜਹੇ ਜਜ਼ਬੇ ਹੀ ਉਜਾਗਰ ਕਰਦੀ ਹੈ । ਐਪਰ ਮਨੁਖ ਬੁਨਿਆਦੀ ਸਾਂਝ ਦੇ ਬਾਵਜੂਦ ਕਲਾਂ ਨੂੰ ਮਾਣ ਸਕਣ ਦੀ ਯੋਗਤਾ ਵਿਚ ਇਕ ਦੂਜੇ ਤੋਂ ਵਖੋ ਵਖਰੇ ਹਨ । ਇਸ ਤੋਂ ਛੁਟ ਇਹ ਯੋਗਤਾ ਕਿਥੋਂ ਤੀਕ ਵਿਦਿਆ ਦੀ . ਸਾਣ ਤੇ ਚੜ ਕੇ ਤੀਖਣ ਹੋਈ ਹੈ, ਇਸ ਵਿਚ ਭੀ ਇਕ ਬੰਦਾ ਦੂਜੇ ਤੋਂ ਭਿੰਨ ਹੈ । ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਬੰਦਾ ਕਲਾ ਜਾਂ ਸਾਹਿੱਤ ਦੀ ਕਿਸੇ ਰਚਨਾ ਨੂੰ ਮਾਣਦਾ ਹੈ ਤਾਂ ਉਸ ਦੇ ਅੰਦਰ ਉਹੋ ਜਿਹਾ ਜਜ਼ਬਾ ਪੈਦਾ ਹੁੰਦਾ ਹੈ ਜੋ ਕਲਾ ਕਾਰ ਜਾਂ ਸਾਹਿੱਤਕਾਰ ਦੇ ਮਨ ਵਿੱਚ ਉਸ ਦੀ ਰਚਨਾ ਵਿਚ ਉਤਰਿਆ ਹੈ ? ਇਸ ਪ੍ਰਸ਼ਨ ਦਾ ਸਪਸ਼ਟ ਉਤਰ ਇਹੋ ਹੈ ਕਿ ਕੋਈ ਭੀ ਦੂਜਾ ਮਨੁਖ ਕਲਾਕਾਰ ਦੇ ਜਜ਼ਬੇ ਨੂੰ ਇੰਨ ਬਿੰਨ ਨਹੀਂ ਪੱਕੜ ਸਕਦਾ, ਪਰ ਜਿਤਨਾ ਕਿਸੇ ਰਸੀਏ ਦਾ ਅਨੁਭਵ ਵਿਸ਼ਾਲ ਹੁੰਦਾ ਹੈ, ਤੇ ਜਿਤਨੀ ਵਧੇਰੇ ਸੂਖਮ ਉਸ ਦੀ ਹੁਣ-ਸ਼ਕਤੀ ਹੁੰਦੀ ਹੈ ਉਤਨਾ ਹੀ ਵਧ ਉਹ ਕਲਾਕਾਰ ਦੇ ਜਜ਼ਬਿਆਂ ਨਾਲ ਸਾਂਝ ਪੈਦਾ ਕਰ , ਸਕਦਾ ਹੈ । ਕਵੀ ਦੀ ਪੁਨਰ-ਰਚਨਾ ਵਿਚ ਪਦਾਰਥ ਅਤੇ ਉਹਨਾਂ ਨਾਲ ਜੋੜਨ ਵਾਲੀਆਂ ਸੰਵੇਦਨਾਵਾਂ (sensations), ਤੱਥ ਅਤੇ ਉਹਨਾਂ ਦੀ ਭਾਵੁਕ-ਗਮਕ (feeling tone) ਦੋ ਵੇਂ ਇਕੱਠੇ ਮੂਰਤੀਮਾਨ ਹੁੰਦੇ ਹਨ | ਜਦੋਂ ਪਦਾਰਥਾਂ ਅਤੇ ਸੰਵੇਦਨਾਵਾਂ ਦਾ ਢੁਕਵਾਂ ਸੁਮੇਲ ਇਕ ਅਜਿਹਾ ਬਿੰਬ ਜਗਾਉਂਦਾ ਹੈ ਜਿਸ ਵਿਚ ਉਹਨਾਂ ਦੋਹਾਂ ਦੀ ਸਮਦਰਸ਼ਤਾ ਝਲਕਦੀ ਹੈ ਤਾਂ ਸਾਡੇ ਉਪਰ ਅਗੰਮ ਗਿਆਨ ਦੇ ਪ੍ਰਕਾਸ਼ ਵਰਗਾ ਪ੍ਰਭਾਵ ਪੈਂਦਾ ਹੈ । ਸੀ. ਡੀ. ਲੀਵਿਸ ਦੀਆਂ ਨਜ਼ਰਾਂ ਵਿਚ ਕਾਵਿ-ਬਿੰਬ ਜੋ ਰੂਪਕਾਂ ਰਾਹੀਂ ਸ਼ਬਦਾਂ ਵਿਚ ਸਾਕਾਰ ਹੁੰਦੇ ਹਨ ਹੋਰ ਕਲਾਤਮਿਕ ਬਿੰਬਾਂ ਵਾ ਹੀ ਪਦਾਰਥਾਂ ਅਤੇ ਉਹਨਾਂ ਨਾਲ ਸਬੰਧਿਤ ਜਜ਼ਬਿਆਂ ਦੇ ਸੁਮੇਲ ਤੋਂ ਮੂਰਤੀਮਾਨ ਹੁੰਦੇ ਹਨ ।