ਪੰਨਾ:Alochana Magazine March 1958.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤੋਂ ਪਿਛੋਂ ਵਿਆਹ ਦੇ ਵਰਣਨ ਵਿਚ ਕਾਜ਼ੀ ਤੇ ਹੀਰ ਦੇ ਸਵਾਲਜਵਾਬ ਬੜੇ ਸੁਆਦਲੇ ਰੂਪ ਵਿਚ ਪੇਸ਼ ਕੀਤੇ ਗਏ ਹਨ। ਦਮੋਦਰ ਨੇ ਇੱਥੇ ਇਕ ਅਲੋਕਾਰੀ ਸਾਖੀ ਘੜੀ ਹੈ ਕਿ ਵਿਆਹ ਸਮੇਂ ਰਾਤ ਨੂੰ ਝੰਗ ਵਿਚ ਖੇੜੇ ਤੇ ਹੀਰ ਨੂੰ ਇਕੱਠਾ ਕੀਤਾ ਗਇਆ। ਰਾਤ ਨੂੰ ਜਦ ਖੇੜੇ ਨੇ ਹੀਰ ਵਲ ਹੱਥ ਵਧਾਇਆ ਤਾਂ ਹੀਰ ਨੇ ਉਸ ਦੇ ਮੂੰਹ ਤੇ ਇਕ ਐਸਾ ਤਮਾਚਾ ਮਾਰਿਆ ਕਿ ਉਸ ਦੇ ਦੰਦ ਟੁੱਟ ਗਏ ਅਤੇ ਉਹ ਲਹੂ ਲੁਹਾਣ ਹੋ ਗਇਆ। ਮੁੜ ਹੀਰ ਨੇ ਖੇੜੇ ਤੋਂ ਮੁਆਫ਼ੀ ਮੰਗੀ ਅਤੇ ਉਸ ਨੂੰ ਆਪਣਾ ਮਾਂ ਪਿਉ ਜਾਇਆ ਵੀਰ ਆਖਿਆ:

'ਤੂੰ ਭੀ ਮੈਂਡਾ ਮਾਂ ਪਿਉ ਜਾਇਆ,
ਕੁੱਝ ਤਫ਼ਾਵਤ ਨਾਹੀਂ।

ਪ੍ਰਤੀਤ ਹੁੰਦਾ ਹੈ ਕਿ ਦਮੋਦਰ ਨੇ ਹੀਰ ਦੀ ਪਵਿੱਤਰਤਾ ਨੂੰ ਸਾਣ ਚਾੜ੍ਹਨ ਲਈ, ਇਹ ਕਹਾਣੀ ਦਰਜ ਕੀਤੀ ਹੈ ਵਰਨ ਪੰਜਾਬ ਵਿਚ ਵਿਆਹ ਸਮੇਂ ਲਾੜੇ ਤੋਂ ਲਾੜੀ ਦਾ ਪੇਕਿਆਂ ਦੇ ਘਰ ਵਿਚ ਰਾਤ ਸਮੇਂ ਇਕੱਠੇ ਕਰਨ ਦਾ ਕਿਧਰੇ ਵੀ ਰਵਾਜ ਨਹੀਂ ਹੈ। ਆਖ਼ਰ ਹੀਰ ਦੀ ਡੋਲੀ ਰੰਗਪੁਰ ਨੂੰ ਤੁਰਦੀ ਹੈ। ਦਮੋਦਰ ਨੇ ਇਸ਼ਕ ਨੂੰ ਇਹ ਲਿਖ ਕੇ ਪਰਵਾਨ ਚਾੜ੍ਹ ਦਿਤਾ ਹੈ ਕਿ ਜਿੱਨਾ ਚਿਰ ਰਾਂਝਾ ਸਿਰ ਤੇ ਟੰਮਕ ਚੁੱਕ ਕੇ ਅੱਗੇ ਨਹੀਂ ਲੱਗਾ ਉੱਨਾ ਚਿਰ ਹੀਰ ਦੀ ਡੋਲੀ ਤੁਰ ਨਹੀਂ ਸਕੀ। ਹੀਰ ਨੇ ਰਸਤੇ ਵਿਚ ਚਰੀ ਵੀ ਤਾਂ ਹੀ ਖਾਧੀ ਜੇ ਪਹਿਲਾਂ ਅੱਧੀ ਰਾਂਝੇ ਦੇ ਮੰਹ ਪਾ ਲਈ। ਰੰਗਪੁਰ ਪੁਜ ਕੇ ਖੇੜਿਆਂ ਨੇ ਰਾਂਝੇ ਨੂੰ ਮਾਰ ਮੁਕਾਉਣ ਦੀ ਸਲਾਹ ਕੀਤੀ ਪਰ ਪੰਜਪੀਰਾਂ ਨੇ ਰਾਂਝੇ ਨੂੰ ਆਪਣੀ ਸ਼ਰਨ ਵਿਚ ਲੈ ਲਇਆ ਪਰ ਦਮੋਦਰ ਦਾ ਡਰਾਕਲ ਰਾਂਝਾ ਜਿੰਦ ਬਚਾਉਣ ਲਈ ਮੁੜ ਰੰਗਪੁਰੋਂ ਨੱਸ ਆਇਆ।

“ਸੁਣ ਧੀਦੋ, ਭਉ ਕੀਤਾ ਜਿੰਦ ਦਾ,
ਚਲਣ ਤੇ ਚਿਤ ਆਇਆ।”

ਇਉਂ ਮਿਲੇ ਆਸ਼ਕ ਮੁੜ ਬਿਰਹੋਂ ਕਸਾਈ ਦੇ ਹੱਥ ਆ ਗਏ।

ਵਾਰਿਸ ਨੇ ਇਸ ਝਾਕੀ ਵਿਚ ਦਮੋਦਰ ਵਾਲੀਆਂ ਛੋਟੀਆਂ ਸਾਖੀਆਂ ਨੂੰ ਕੋਈ ਥਾਂ ਨਹੀਂ ਦਿੱਤੀ ਅਤੇ ਮਾਂ ਤੇ ਹੀਰ ਦੀ ਵਾਰਤਾਲਾਪ ਵੀ ਪਿਛਲੀ ਝਾਕੀ ਵਿਚ ਹੀ ਮੁਕਾ ਦਿੱਤੀ ਹੈ। ਵਾਰਿਸ ਮੁਤਾਬਿਕ ਹੀਰ ਦੇ ਵਿਆਹ ਦਾ ਫ਼ੈਸਲਾ ਸਿਆਲਾਂ ਨੇ ਕੀਤਾ ਸੀ, ਇਸ ਲਈ ਇਨਕਲਾਬੀ ਰਾਂਝਾ ਸਿਆਲ ਨਾਲ ਦੁਸ਼ਮਣੀ ਵਿੱਚ ਬੈਠਾ ਅਤੇ ਆਪਣੇ ਖ਼ਿਆਲਾਂ ਨੂੰ ਇਉਂ ਪਰਗਟ ਕਰਦਾ ਹੈ:

"ਪੈਂਚ ਪਿੰਡ ਦਿਆਂ ਸਚ ਥਾਂ ਤਰਕ ਕੀਤਾ,
ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ।

ਪਹਿਲੇ ਹੋਰਨਾਂ ਨਾਲ ਕਰਾਰ ਕਰਕੇ,
ਤਮ੍ਹਾ ਦੇਖ ਦਾਮਾਦ ਫਿਰ ਹੋਰ ਕੀਤੇ।

੧੪