ਪੰਨਾ:Alochana Magazine March 1958.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲ ਕਰੇ ਈਮਾਨ ਦੀ ਕੱਢ ਛੱਡਣ,
ਪੰਚ ਪਿੰਡ ਦੇ ਠੱਗ ਤੇ ਚੋਰ ਕੀਤੇ।

ਅਸ਼ਰਾਫ਼ ਦੀ ਗੱਲ ਮਨਜ਼ੂਰ ਨਾਹੀਂ,
ਚੋਰ ਚੌਧਰੀ ਤੇ ਲੰਡੋੋਰ ਕੀਤੇ।

"ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ,
ਧੀਆਂ ਮਾਰਦੇ ਤੇ ਪਾੜ ਲਾਉਂਦੇ ਨੇ।

ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ,
ਦੇਖੋ ਰੱਬ ਤੇ ਮੌਤ ਭੁਲਾਉਂਦੇ ਨੇ।

ਵਾਰਿਸ ਸ਼ਾਹ ਮੀਆਂ ਦੋ ਦੋ ਖਸਮ ਦੇਂਦੇ,
ਨਾਲ ਬੇਟੀਆਂ ਵੈਰ ਕਮਾਉਂਦੇ ਨੇ।

ਵਾਰਿਸ ਨੇ ਦਮੋਦਰ ਵਾਲੇ ਵਿਸ਼ੇਸ਼ ਪਾਤਰ ਇਸ ਝਾਕੀ ਵਿਚ ਪਰਗਟ ਹੀ ਨਹੀਂ ਹੋਣ ਦਿਤੇ। ਚਾਚੇ ਮਾਮੇ, ਤਿੰਨ ਭਰਾ, ਹੱਸੀ ਸਹੇਲੀ ਆਦਿ ਵਾਰਿਸ ਨੇ ਸਟੇਜ ਤੇ ਹੀ ਨਹੀਂ ਲਇਆਂਦੇ। ਹੀਰ ਨੂੰ ਮਾਰਨ ਦੀਆਂ ਸਾਜ਼ਸ਼ਾਂ, ਰਾਂਝ ਦਾ ਜੰਵ ਵੇਖਣ ਆਉਣਾ ਤੇ ਖੇੜੇ ਦੀ ਮੁਲਾਕਾਤ ਵਾਲੀ ਕਿਸੇ ਸਾਖੀ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ। ਵਾਰਿਸ ਵਿਆਹ ਦਾ ਸਾਮਾਨ ਦਸਣ, ਜ਼ੇਵਰ ਗਿਣਨ, ਕਪੜਿਆਂ ਦੀਆਂ ਕਿਸਮਾਂ ਦਸਣ, ਦਾਜ ਦਾ ਵਰਣਨ ਕਰਨ, ਮੇਲ ਦੀ ਉਪਮਾ ਕਰਨ, ਆਤਸ਼ਬਾਜ਼ੀ ਤੇ ਵਾਜੇ-ਗਾਜੇ ਦੀ ਸਜ ਧਜ ਬਿਆਨਣ ਜਾਂ ਹੀਰ ਤੇ ਕਾਜ਼ੀ ਦੀ ਬਹਿਸ ਨੂੰ ਲਮਕਾਉਣ ਵਿਚ ਹੀ ਜੁਟਿਆ ਰਹਿਆ ਹੈ। ਇਸ ਝਾਕੀ ਦੇ ਬਿਆਨ ਤੋਂ ਵਾਰਿਸ ਸ਼ਾਹ ਦੀ ਪੰਜਾਬ ਦੀ ਗੂਹੜੀ ਵਾਕਫ਼ੀ, ਇਲਮ ਤੇ ਵਿਸ਼ੇਸ਼ ਕਰਕੇ ਸ਼ਰਈ ਇਸਲਾਮ ਤੇ ਸੂਫ਼ੀ ਸਿਧਾਂਤਾਂ ਸੰਬੰਧੀ ਵਿਦਵਤਾ ਦਾ ਚੋਖਾ ਪਤਾ ਲਗਦਾ ਹੈ। ਹੀਰ ਤੇ ਕਾਜ਼ੀ ਦੇ ਸੰਵਾਦ ਦੀਆਂ ਕੁਝ ਕੁ ਸਤਰਾਂ ਵੇਖਣ ਯੋਗ ਹਨ:

ਜਿਹੜੇ ਇਸ਼ਕ ਦੀ ਅੱਗ ਦੇ ਤਾਓ ਤੱਤੇ,
ਤਿਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਏ।

ਜਿਨ੍ਹਾਂ ਇਕ ਦੇ ਨਾਉਂ ਤੇ ਸਿਦਕ ਬੱਧਾ,
ਓਹਨਾਂ ਫਿਰ ਅੰਦੇਸ਼ੜਾ ਕਾਸ ਦਾ ਏ।

ਆਖਰ ਸਿਦਕ ਯਕੀਨ ਤੇ ਕੰਮ ਪੌਸੀ,
ਮੌਤ ਚਰਖ ਇਹ ਪੁਤਲਾ ਮਾਸ ਦਾ ਏ।

ਦੋਜ਼ਖ ਮੋਰੀਆਂ ਮਿਲਣ ਬੇ ਸਿਦਕ ਝੂਠੇ,
ਜਿਨ੍ਹਾਂ ਬਾਣ ਤਕਣ ਆਸ ਪਾਸ ਦਾ ਏ।

ਲਿਖਿਆ ਵਿਚ ਕੁਰਾਨ ਕਿਤਾਬ ਦੇ ਹੈ,
ਗੁਨਾਹਗਾਰ ਖੁਦਾਇ ਦਾ ਚੋਰ ਹੈ ਨੀਂ।