ਪੰਨਾ:Alochana Magazine March 1958.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਛੇੜ ਖੁੰਦਰਾਂ ਭੇੜ ਮਚਾਉ ਨਾਹੀ,
ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ।

ਅਸੀਂ ਜੱਟੀਆਂ ਹਾਂ ਪਲ ਪਲਸੱਟੀਆਂ ਹਾਂ,
ਨੱਕ ਪਾੜ ਸੁੱਟੇ ਜਿਨ੍ਹਾਂ ਬੂਟਿਆਂ ਦੇ।

ਜਦੋਂ ਮੋਹਲੀਆਂ ਪਕੜ ਕੇ ਗਿਰਦ ਹੋਈਏ,
ਪਿਸਤੇ ਕੱਢੀਏ ਚੀਨੀਆਂ ਕੋਟਿਆਂ ਦੇ।

ਵਰਿਸ ਸ਼ਾਹ ਰੋਡਾ ਸਿਰ, ਕੰਨ ਪਾਟੇ,
ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ।

ਸਹਿਤੀ ਰਾਂਝੇ ਦੀ ਕਰਾਮਾਤ ਵੇਖ ਕੇ ਆਪਣੀ ਗਰਜ ਦੀ ਪੂਰਤੀ ਲਈ ਹੀਰ ਦੀ ਹਮਦਰਦਣ ਬਣੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਬਣੀ ਹੈ ਉਦੋਂ ਤਨੋਂ ਮਨੋਂ ਬਣੀ ਹੈ। ਵਾਰਿਸ ਸ਼ਾਹ ਨੇ ਇਸ ਸਹਿਤੀ ਦਾ ਚਿਤਰ ਗੰਵਾਰਨੀ ਤੇ ਕੰਮ-ਸਵਾਰਨੀ ਨਾਂ ਦੇ ਦੋ ਵਿਸ਼ੇਸ਼ਣਾਂ ਨਾਲ ਸ਼ਿੰਗਾਰਿਆ ਹੈ ਜੋ ਇੰਨ ਬਿੰਨ ਸੋਲਾਂ ਆਨੇ ਦਰੁੱਸਤ ਹੈ। ਹੀਰ ਨੂੰ ਰਾਂਝੇ ਨਾਲ ਇਕੱਲਿਆਂ ਮਿਲਾਉਣ ਵਾਲੀ ਗੱਲ ਵਾਰਿਸ ਸ਼ਾਹ ਨੇ ਦਮੋਦਰ ਨਾਲੋਂ ਵੱਖਰੀ ਘੜੀ ਹੈ ਅਤੇ ਇਸ ਮੌਕੇ ਆਪਣੀਆਂ ਅਤ੍ਰਿਪਤ ਖ਼ਾਹਸ਼ਾਂ ਨੂੰ ਅਸ਼ਲੀਲ ਸ਼ਬਦਾਂ ਦੀ ਵਰਤੋਂ ਨਾਲ ਰੱਜ ਕੇ ਪੂਰਾ ਕੀਤਾ ਹੈ। ਕਹਾਣੀ ਬਿਆਨਣ ਦੀ ਥਾਂ ਵਾਰਿਸ ਸ਼ਾਹ ਦੀ ਮਨੋ-ਵਿਗਿਆਨਕ ਸੂਝ ਨੇ ਉਸ ਨੂੰ ਪਾਤਰਾਂ ਦੇ ਚਰਿਤਰ ਚਿਤਰਣ ਦਾ ਕਾਲ ਉਸਤਾਦ ਬਣਾ ਦਿੱਤਾ ਹੈ। ਹੀਰ ਦੀ ਲੋਚਾ ਅਤੇ ਰਾਂਝੇ ਦੇ ਮਿਲਾਪ ਦਾ ਆਂਤਰਿਕ ਚਾਉ ਸ਼ਾਇਦ ਹੀ ਕਿਸੇ ਹੋਰ ਨੇ ਇੰਨੇ ਢੁਕਵੇਂ, ਠੇਠ ਤੇ ਪੁਰਜ਼ੋਰ ਸ਼ਬਦਾਂ ਵਿਚ ਪੇਸ਼ ਕੀਤਾ ਹੋਣਾ ਹੈ:

ਹੀਰ ਆਖਦੀ ਜੋਗੀਆ ਝੂਠ ਆਖੇਂ,
ਕੌਣ ਰੁੱਠੜੇ ਯਾਰ ਮਿਲਾਂਵਦਾ ਈ।

ਇਹਾ ਕੋਈ ਨਾ ਮਿਲਿਆ ਮੈਂ ਢੂੰਡ ਥਕੀ,
ਜਿਹੜਾ ਗਇਆਂ ਨੂੰ ਮੋੜ ਲਇਆਂਵਦਾ ਈ।

ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ,
ਜਿਹੜਾ ਜੀਉ ਦਾ ਰੋਗ ਗਵਾਂਵਦਾ ਈ।

ਭਲਾ ਦੱਸ ਖਾਂ ਚਿਰੀ ਵਿਛੁੰਨਿਆਂ ਨੂੰ,
ਕਦੋਂ ਰੱਬ ਸੱਚਾ ਘਰ ਲਇਆਂਵਦਾ ਈ।

ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ,
ਵਾਰਿਸ ਸ਼ਾਹ ਜੇ ਸੁਣਾ ਮੈਂ ਆਂਵਦਾ ਈ।

ਲਇਆ ਹੀਰ ਸਿਆਲ ਨੂੰ ਦੀਦ ਕਰੀਏ,
ਆ ਜਾਹ ਓ, ਦਿਲਬਰਾ ਵਾਸਤਾ ਈ।

੨੩