ਪੰਨਾ:Alochana Magazine March 1958.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰੋਕਤ ਕਾਰਣਾਂ ਵਿਚੋਂ ਕੋਈ ਇੱਕ ਜਾਂ ਇੱਕ ਤੋਂ ਵਧੇਰੇ ਕਾਰਣ ਹਰ ਨਵੇਂ ਕਿੱਸਾਕਾਰ ਦੀ ਨਾ ਕੇਵਲ ਘਟਨਾਬੰਦੀ ਦੀ ਵਿਓਂਤ ਤੇ ਹੀ ਅਸਰ ਪਾਉਂਦੇ ਹਨ ਸਗੋਂ ਘਟਨਾਵਾਂ ਦੇ ਤਿਆਗ ਅਤੇ ਗ੍ਰਹਣ ਦੇ ਸਿਲਸਿਲੇ ਨੂੰ ਵੀ ਨਿਸ਼ਚਿਤ ਕਰਦੇ ਹਨ।

ਉਪਰੋਕਤ ਨਿਰਣੇ ਦੀ ਲੋ ਹੇਠ ਹੁਣ ਅਸੀਂ ਵਾਰਿਸ ਦੀ 'ਹੀਰ' ਨੂੰ ਸਨਮੁੱਖ ਰੱਖ ਕੇ ਭਗਵਾਨ ਸਿੰਘ, ਫਜ਼ਲ ਸ਼ਾਹ ਤੇ ਕਿਸ਼ਨ ਸਿੰਘ ਆਰਿਫ਼ ਦੀਆਂ ਹੀਰ ਰਚਨਾਵਾਂ ਨੂੰ ਕੇਵਲ ਗੋਂਦ ਪੱਖ ਤੋਂ ਵਿਚਾਰਦੇ ਹੋਏ ਉਨ੍ਹਾਂ ਵਿਚ ਪਏ ਬਿਆਨ ਦੇ ਫ਼ਰਕਾਂ ਨੂੰ ਨੀਅਤ ਕਰਦੇ ਹਾਂ। ਉਪਰੰਤ ਇਨ੍ਹਾਂ ਦੇ ਕਾਰਣਾਂ ਤੇ ਉਨ੍ਹਾਂ ਦੀ ਸਾਰਥਕਤਾ ਨੂੰ ਲੱਭਣ ਦਾ ਯਤਨ ਕੀਤਾ ਜਾਵੇਗਾ।

ਕਿੱਸਿਆਂ ਦਾ ਆਰੰਭ :-

ਕਿਸੇ ਵੀ ਕਿੱਸੇ ਦੇ ਬਿਆਨ ਦੀ ਤਰਤੀਬ ਨੂੰ ਕਾਇਮ ਕਰਨਾ ਅਜਿਹੀ ਉਸਤਾਦੀ ਹੈ ਜੋ ਰਚਨਹਾਰ ਦੀ ਬਿਆਨੀਆਂ ਜਾਚ ਨਾਲ ਸੰਬੰਧ ਰਖਦੀ ਹੈ ਅਤੇ ਵਿਸ਼ੇਸ਼ ਰੂਪ ਵਿੱਚ ਨਿੱਜੀ ਹੈ। ਵਾਰਿਸ ਸ਼ਾਹ ਆਪਣੇ ਕਿੱਸੇ ਨੂੰ ਤਖ਼ਤ ਹਜ਼ਾਰੇ, ਉਸ ਦੇ ਚੌਧਰੀ ਮੌਜੂ ਤੇ ਮੌਜੂ ਦੇ ਪਰਵਾਰ ਦੇ ਵਰਣਨ ਨਾਲ ਅਰੰਭਦਾ ਹੈ ਤੇ ਫੇਰ--

ਤਕਦੀਰ ਸੇਤੀ ਮੌਜੂ ਫ਼ੌਤ ਹੋਇਆ, ਭਾਈ ਰਾਂਝੇ ਦੇ ਨਾਲ ਖਹੇੜਦੇ ਨੀਂ।

(ਵਾਰਿਸ)

ਭੋਂ ਦੀ ਨਾਜਾਇਜ਼ ਵੰਡ, ਰਾਂਝੇ ਦੇ ਵਾਹੀ ਕਰਨ ਦੇ ਯਤਨ, ਦਿਓਰ ਭਾਬੀਆਂ ਦੀ ਨੋਕ ਝੋਕ ਤੇ ਭਾਬੀਆਂ ਦੇ ਰਾਂਝੇ ਨੂੰ ਬੋਲੀ ਮਾਰਨ ਤੇ ਕਿ--
ਸਾਡਾ ਹੁਸਨ ਪਸੰਦ ਨਾ ਲਇਆਵਨਾ ਏਂ, ਜਾਹ ਹੀਰ ਸਿਆਲ ਵਿਆਹ ਲਇਆਵੀਂ।

(ਵਾਰਿਸ)

ਉਸ ਦੇ ਹੀਰ ਨੂੰ ਸੱਚ ਮੁੱਚ ਵਿਆਹ ਕੇ ਲਇਆ ਦਿਖਾਉਣ ਬਾਰੇ ਨਿਸਚਾ ਧਾਰਨ ਦਾ ਹਾਲ ਦਿੱਤਾ ਗਇਆ ਹੈ। ਉਹ ਕਹਿੰਦਾ ਹੈ--

'ਨਢੀ ਸਿਆਲਾਂ ਦੀ ਵਿਆਹ ਕੇ ਲਇਆਵਾਂਗਾ ਮੈਂ।'

(ਵਾਰਿਸ)

ਇਸੇ ਜ਼ਿਦ ਵਿਚ ਆਣ ਕੇ ਰਾਂਝਾ ਤਖਤ ਹਜ਼ਾਰਾ ਤਿਆਗ ਝੰਗ ਦਾ ਰਾਹ ਫੜਦਾ ਹੈ--

ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ, ਕਿਹੀ ਚਿੰਬੜੀ ਉਸ ਨੂੰ ਜਿਵੇਂ ਲੇਹਾ।
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ, ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜੇਹਾ

(ਵਾਰਿਸ)

੩੦