ਪੰਨਾ:Alochana Magazine March 1958.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਥਨੀ ਤੇ ਕਰਨੀ ਬਾਰੇ ਕੋਈ ਭੁਲੇਖੇ ਪਾਉਣਾ ਸਹਾਰ ਸਕਦਾ ਹੈ।

ਭਗਵਾਨ ਸਿੰਘ ਨੇ ਝਨਾ ਕੰਢੇ ਦਾ ਬਿਰਤਾਂਤ ਵੀ ਕੁਝ ਕੁਝ ਬਦਲਿਆ ਹੈ ਅਤੇ ਆਪਣੇ ਖੁਲ੍ਹੇ ਡੁੁਲ੍ਹੇ ਜਟਕੇ ਪਣ ਦੀ ਹਰ ਥਾਂ ਪਾਹ ਲਾਈ ਹੈ। ਉਸ ਅਨੁਸਾਰ ਰਾਂਝਾ ਕਖਾਂ ਕਾਨਿਆਂ ਦੀ ਤੁਲਾ ਤਿਆਰ ਕਰਦਾ ਹੈ। ਲੁਡਣ ਝਮੇਲ ਦੀਆਂ ਰੱਨਾਂ ਤਰਸ ਖਾ ਕੇ ਬੇੜੀ ਉਸ ਕੋਲ ਧਕ ਕੇ ਲੈ ਆਉਂਦੀਆਂ ਹਨ ਜਿਸ ਵਿਚ ਬੈਠ ਕੇ ਰਾਂਝਾ ਬੰਸਰੀ ਦੀ ਧੁਨ ਛੇੜਦਾ ਹੈ।

ਪੱਟਾਂ ਵਿਚ ਪੱਟ, ਦੋਹਾਂ ਰੰਨਾਂ ਦੇ ਨਿਸਾਲ ਬੈਠਾ,
ਲੁਡਣ ਮਲਾਹ ਦੀ ਨਜ਼ਰ ਸੋਈ ਆਉਂਦਾ।

(ਭਗਵਾਨ ਸਿੰਘ)

ਰਾਂਝਾ ਕੈਸਾ ਹੈ ਜੋ ਬੁਢੀਆਂ ਤੀਵੀਆਂ ਤੇ ਵੀ ਠਰਕ ਝਾੜਨੋ ਫਰਕ ਨਹੀਂ ਕਰਦਾ?

ਭਗਵਾਨ ਸਿੰਘ ਅਨੁਸਾਰ ਰਾਂਝਾ ਲੁਡਣ ਨੂੰ ਆਪਣੀ ਛਾਪ ਦਾ ਲਾਲਚ ਦੇਂਕੇ ਹੀਰ ਦੀ ਸੇਜ ਤੇ ਸੌਣ ਦੀ ਆਗਿਆ ਲੈਂਦਾ ਹੈ।

ਫਜ਼ਲ ਸ਼ਾਹ ਨੇ ਘਾਟ ਦੀ ਕਹਾਣੀ ਵਿਚ ਕਾਫੀ ਫਰਕ ਪਾਇਆ ਹੈ। ਜਦ ਰਾਂਝਾ ਘਾਟ ਤੇ ਪਹੁੰਚਦਾ ਹੈ ਤਾਂ ਕਈ ਪੂਰ ਲੰਘ ਚੁਕੇ ਸਨ। ਆਖਰੀ ਕਿਸ਼ਤੀ ਨੂੰ ਵੀ ਲੁੁਡਣ ਨੇ ਠੇਲ੍ਹ ਦਿਤਾ ਤਾਂਂ ਰਾਂਝੇ ਨੇ ਉਚੀ ਉਚੀ ਆਵਾਜ਼ਾਂ ਦਿੱਤੀਆਂ, ਲਲਚ ਪਾ ਦਿਤਾ ਪਰ ਲੁਡਣ ਭਰੀ ਹੋਈ ਬੜੀ ਕਿਵੇਂ ਮੋੜਦਾ? ਇਸ ਤੇ ਰਾਂਝੇ ਨੇ ਵੰਝਲੀ ਕਰਾਮਾਤ ਵਿਖਾਈ, ਹਰ ਕਿਸੇ ਨੂੰ ਮਾਦਕ ਧੁਨ ਨਾਲ ਮੋਹ ਲਇਆ। ਲੁਡਣ ਦੀਆਂ ਸਵਾਰੀਆਂ ਨੇ ਜ਼ਿਦ ਕੀਤੀ, ਲੁਡਣ ਨੇ ਬੇੜੀ ਮੋੋੜ ਲਈ, ਬੇੜੀ ਵਿਚ ਬੈਠ ਰਾਂਝੇ ਨੇ ਇਕ ਵਾਰ ਫੇਰ ਵੰਝਲੀ ਦੀ ਤਾਨ ਖਿੱਚੀ। ਲੁਡਣ ਤੇ ਉਸ ਦੀਆਂ ਤੀਵੀਆਂ ਬੇ-ਔਲਾਦ ਸਨ, ਉਹਨਾਂ ਨੇ ਰਾਂਝੇ ਨੂੰ ਪੁੱਤਾਂ ਵਾਂਗ ਪਿਆਰ ਕੀਤਾ। ਇਸ ਨਵੇਂ ਉਪਜੇ ਪਿਆਰ ਜਜ਼ਬੇ ਤੇ ਰਿਸ਼ਤੇ ਦੇ ਜ਼ੋਰ ਤੇ ਰਾਂਝਾ ਹੀਰ ਦੇ ਵਾਸਤੇ ਵਿਛੀ ਸੇਜ ਤੇ ਜਾ ਟੇਢਾ ਹੋਇਆ।

ਕਿਸ਼ਨ ਸਿੰਘ ਆਰਿਫ ਨੇ ਵਾਰਿਸ ਦੀ ਇਹ ਗਲ ਕਿ ਪਾਤਣੀ ਲੁਡਣ ਨੇ ਬਿਨਾ ਭਾੜਾ ਲਏ ਰਾਂਝੇ ਨੂੰ ਝਨਾ ਪਾਰ ਕਰਾਉਣ ਤੋਂ ਨਾਹ ਕਰ ਦਿਤੀ, ਦੁਹਰਾਈ ਹੈ। ਏਥੇ ਵੀ ਵੰਝਲੀ ਦਾ ਜਾਦੂ ਆਪਣਾ ਅਸਰ ਕਰਦਾ ਹੈ। ਲੁੁਡਣ ਦੀਆਂ ਰੰਨਾਂ ਬੇੜੀ ਪੇਸ਼ ਕਰਦੀਆਂ ਹਨ ਤੇ ਲੁੱਡਣ ਰਾਂਝੇ ਨੂੰ ਹਥਾਂ ਤੇ ਚੁਕ ਕੇ ਪਾਰ ਲੈ ਜਾਣ ਲਈ ਤਿਆਰ ਹੋ ਜਾਂਦਾ ਹੈ।

ਇਸ ਤਰ੍ਹਾਂ ਫਜ਼ਲ ਸ਼ਾਹ ਨੇ ਰਾਂਝੇ ਨੂੰ ਤੇ ਲੁਡਣ ਦੀਆਂ ਜ਼ਨਾਨੀਆਂ ਨੂੰ ਨੇੇਕ ਪ੍ਰਗਟ ਕੀਤਾ ਹੈ, ਕਿਸ਼ਨ ਸਿੰਘ ਨੇ ਲੁਡਣ ਨੂੰ ਰਾਗ ਦਾ ਦਿਲਦਾਦਾ ਨੇਕ ਪੁਰਸ਼ ਦਸਿਆ ਹੈ, ਭਗਵਾਨ ਸਿੰਘ ਨੇ ਵਾਰਿਸ ਦਾ ਰੰਗ ਅਪਣਾਇਆ ਹੈ।

੩੭