ਪੰਨਾ:Alochana Magazine March 1958.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਾਵਾਂ ਦੇ ਡਰ ਤੋਂ ਤ੍ਰਹਿਕ ਕੇ ਜਿੰਦ ਬਚਾਉਣ ਲਈ ਰਾਂਝਾ ਅੱਧੀ ਰਾਤ ਘਰੋਂ ਨਿਕਲ ਪੈਂਦਾ ਹੈ ਅਤੇ ਦਮੋਦਰ ਵੀ ਰਾਂਝੇ ਦੇ ਨਾਲ ਹੀ ਝੰਗ ਨੂੰ ਚਲ ਪੈਂਦਾ ਹੈ ਅਤੇ ਇਉਂ ਕਿੱਸੇ ਦਾ ਕਰਤਾ ਤੇ ਕਹਾਣੀ ਦਾ ਨਾਇਕ ਦੋਵੇਂ ਸਿਆਲਾਂ ਦੇ ਰਾਹ ਦੇ ਪਾਂਧੀ ਬਣ ਜਾਂਦੇ ਹਨ। ਇਸ ਕਥਨ ਨਾਲ ਦਮੋਦਰ ਹੀਰ ਤੇ ਰਾਂਝੇ ਦੀ ਕਹਾਣੀ ਦਾ ਪਾਤਰ ਬਣ ਗਇਆ ਹੈ। ਇਸ ਨਾਲ ਇਕ ਤਾਂ ਕਹਾਣੀ ਕਲਾਮਈ ਹੋ ਗਈ ਹੈ ਕਿਉਂਕਿ ਉੱਤਮ ਪੁਰਖ ਵਿਚ ਸੁਣਾਈ ਕਹਾਣੀ ਸਭ ਤੋਂ ਵਧ ਪ੍ਰਭਾਵਕ ਮੰਨੀ ਜਾਂਦੀ ਹੈ। ਦੂਜੇ ਦਮੋਦਰ ਹੀਰ ਤੇ ਰਾਂਝੇ ਦੇ ਅਜ਼ਲੀ ਵਿਆਹ ਦਾ ਵਿਚੋਲਾ ਬਣ ਜਾਂਦਾ ਹੈ ਅਤੇ ਆਪਣੇ ਕਾਵਿ ਦੀ ਨਾਇਕਾ ਦੇ ਹੋਣ ਵਾਲੇ ਉਧਾਲੇ ਤੇ ਸੂਖਮ ਜਿਹਾ ਪਰਦਾ ਪਾ ਦੇਂਦਾ ਹੈ।

ਰਾਂਝੇ ਦੇ ਹੁਸਨ ਨੂੰ ਅਗੰਮੀ ਲਿਸ਼ਕ ਦੇਣ ਲਈ ਕਵੀ ਨੇ ਦੋ ਉਪ-ਕਹਾਣੀਆਂ ਘੜੀਆ ਹਨ। ਰਾਂਝਾ ਜਦੋ ਮਸੀਤ ਵਿਚ ਠਹਿਰਦਾ ਹੈ ਤਾਂ ਝਿਉਰਾਂ ਦੀ ਕੁੜੀ ਰਾਂਝੇ ਦਾ ਹੁਸਨ ਵੇਖ ਕੇ ਮੋਹਿਤ ਹੋ ਜਾਂਦੀ ਹੈ। ਉਹ ਕਾਲਜਾ ਫੜੀ ਘਰ ਪਹੁੰਚਦੀ ਹੈ ਅਤੇ ਮਾਂ ਨੂੰ ਮੰਹ ਪਾੜ ਕੇ ਦਿਲ ਦਾ ਭੇਦ ਕਹਿ ਦਿੰਦੀ ਹੈ। ਧੀ ਦੀ ਗੱਲ ਸੁਣ ਕੇ ਜਦੋਂ ਮਾਂ ਮਸੀਤ ਆਉਂਦੀ ਹੈ ਤਾਂ ਧੀ ਦੀ ਬਜਾਏ ਉਹ ਆਪ ਇਸ ਨਾਲ ਨਿਕਾਹ ਪੜਾਉਣ ਲਈ ਚਿਤਵਨੀ ਲਾ ਬਹਿੰਦੀ ਹੈ। ਇਸ ਤੋਂ' ਪਿੱਛੋਂ' ਇਕ ਰੱਜ ਖਾਂਦੀ ਜੱਟੀ ਰਾਝੇ ਦੇ ਹੁਸਨ ਨੂੰ ਵੇਖ ਕੇ ਤਲਮਲਾ ਉਠਦੀ ਹੈ ਅਤੇ ਰੱਤਾ ਪਲੰਘ ਵਿਛਾ ਕੇ ਖਿਜਮਤ ਵਿਚ ਜਟ ਪੈਂਦੀ ਹੈ। ਇਹ ਸੰਕੇਤਕ ਸਾਖੀਆਂ ਮੁੱਖ ਕਹਾਣੀ ਦੇ ਬਿਆਨ ਨੂੰ ਚਟਪਟਾ ਬਣਾਉਣ ਲਈ ਕਹਾਣੀਕਾਰ ਦਮੋਦਰ ਨੇ ਮਸਾਲੇ ਵਜੋਂ ਵਰਤੀਆਂ ਪ੍ਰਤੀਤ ਹੁੰਦੀਆਂ ਹਨ ਇਉਂ ਦਮੋਦਰ ਨੇ ਕਹਾਣੀ ਦਾ ਪਿੜ ਸੁਚੱਜਤਾ ਨਾਲ ਤਿਆਰ ਕੀਤਾ ਹੈ ਅਤੇ ਹੁਸਨ ਦੀਆਂ ਦੋ ਸ਼ੂੂਕਦੀਆਂ ਧਾਰਾਂ ਨੂੰ ਲੁੱਡਣ ਮਲਾਹ ਦੀ ਬੇੜੀ ਦੇ ਸੰਗਮ ਤੇ ਪਚਾ ਦਿਤਾ ਹੈ।

ਦਮੋਦਰ ਜੋ ਸੰਜਮ ਵਾਲਾ ਕਵੀ ਗਿਣਿਆ ਜਾਂਦਾ ਹੈ, ਨੇ ਹੀਰ -ਕਾਵਿ ਦੀ ਕਹਾਣੀ ਦਾ ਪਿੜ ਤਿਆਰ ਕਰਨ ਲਈ ੧੮੧ ਛੰਦ ਵਰਤੇ ਹਨ। ਪਰ ਇਸ ਦੇ ਉਲਟ ਵਾਰਿਸ ਸ਼ਾਹ ਜੋ ਵਿਸਤਾਰ ਵਾਲਾ ਕਵੀ ਮੰਨਿਆ ਜਾਂਦਾ ਹੈ,ਨੇ ਕੇਵਲ ੩੦-੩੨ ਛੰਦਾਂ ਵਿਚ ਰਾਂਝੇ ਨੂੰ ਬੇੜੀ ਤੇ ਪੁਚਾ ਦਿਤਾ ਹੈ। ਇਸ ਨੇ ਕਹਾਣੀ ਦਾ ਅਰੰਭ ਝੰਗ ਦੀ ਬਜਾਏ ਤਖ਼ਤ ਹਜ਼ਾਰੇ ਤੋਂ ਕੀਤਾ ਹੈ ਅਤੇ ਚੌਧਰੀ ਮੌਜੂ ਦੇ ਅੱਠ ਪੁੱਤ ਦਸ ਕੇ ਰਾਂਝੇ ਤੇ ਯੂਸਫ਼ ਦੀ ਝਾਲ ਫੇਰ ਦਿਤੀ ਹੈ। ਰਾਂਝੇ ਦੇ ਹੁਸਨ ਨੂੰ ਦਮੋਦਰ ਵਾਂਗ ਸਾਖੀਆਂ ਘੜ ਕੇ ਉਭਾਰਨ ਦੀ ਬਜਾਏ ਵਾਰਿਸ ਸ਼ਾਹ ਨੇ ਰਾਂਝੇ ਦੀ ਤਕਰਾਰ ਭਾਬੀਆਂ ਨਾਲ ਕਰਾ ਕੇ ਉਨ੍ਹਾਂ ਦੇ ਮੂਹੋਂ ਇਸ ਦੀ ਗਾਉਣ ਵਜਾਉਣ ਵਾਲੀ ਰਸਿਕ ਤੇ ਛੈਲ ਮੂਰਤ ਪੇਸ਼ ਕਰਵਾਈ ਹੈ:-

ਦਿਨੇ ਵੰਝਲੀ ਵਾਹ ਕੇ ਰਾਤ ਗਾਵੇਂ,
ਕਿਸੇ ਰੋਜ਼ ਦਾ ਇਹ ਪ੍ਰਾਹੁਣਾ ਏ।

ਰੰਨਾ ਡਿਗਦੀਆਂ ਵੇਖ ਕੇ ਛੈਲ ਮੁੰਡਾ,
ਜਿਵੇਂ ਸ਼ਹਿਦ ਵਿਚ ਮੱਖੀਆਂ ਫਸਦੀਆਂ ਨੇ।