ਪੰਨਾ:Alochana Magazine March 1958.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰਿਸ ਨੇ ਰਾਂਝੇ ਦੇ ਘਰ ਛੱਡਣ ਦਾ ਕਾਰਣ ਭਰਾਵਾਂ ਵਲੋਂ ਜ਼ਮੀਨ ਦੀ ਕਾਣੀ-ਵੰਡ ਦਾ ਅਤਿਆਚਾਰ ਅਤੇ ਭਾਬੀਆਂ ਵਲੋਂ ਹੀਰ ਸਿਆਲ ਵਿਆਹ ਲਇਆਉਣ ਦਾ ਮਿਹਣਾ ਦੱਸਿਆ ਹੈ:-

ਸਾਡਾ ਹੁਸਨ ਪਸੰਦ ਨਾ ਲਇਆਉਂਦਾ ਏ,
ਜਾਹ ਹੀਰ ਸਿਆਲ ਵਿਆਹ ਲਇਆਵੀਂ।

ਵਾਹ ਵੰਝਲੀ ਪ੍ਰੇਮ ਦਿ ਘੱਤ ਜਾਲੀ,
ਕਾਈ ਨੱਢੀ ਸਿਆਲਾਂ ਦੀ ਫ਼ਾਹ ਲਇਆਵੀਂ।

ਇਸ ਤਰਾਂ ਵਾਰਿਸ ਦਾ ਰਾਂਝਾ ਦਮੋਦਰ ਦੇ ਰਾਂਝੇ ਵਾਂਗ ਤ੍ਰਹਿਕ ਕੇ ਘਰੋਂ ਨਹੀਂ ਨੱਠਾ ਸਗੋਂ ਭਰਾਵਾਂ ਤੇ ਭਰਜਾਈਆਂ ਦੇ ਚੈਲੰਜ ਨੂੰ ਮਨਜ਼ੂਰ ਕਰਕੇ ਕਿਸਮਤ ਅਜ਼ਮਾਉਣ ਲਈ ਗ਼ੈਰਤ ਨਾਲ ਭੁੜਕ ਕੇ ਤੁਰਿਆ ਹੈ ਅਤੇ ਲਟਬੌਰਾ ਸ਼ਾਇਰ ਵਾਰਿਸ ਆਪੇ ਵਿਚ ਰਾਂਝੇ ਅਤੇ ਰਾਂਝੇ ਵਿਚ ਆਪਾ ਵੇਖਦਾ ਹੈ :-

“ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ,
ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜੇਹਾ!

ਰਾਂਝਾ ਘਰੋਂ ਨਿਕਲ ਕੇ ਮਸਿਤ ਦੇ ਪਹਿਲੇ ਟਿਕਾਣੇ ਤੇ ਸ਼ਰਹ ਦੇ ਕੈਦੀ, ਤੰਗ-ਦਿਲ ਤੇ ਖੁਸ਼ਕ ਮੁੱਲਾਂ ਨਾਲ ਜਾ ਮੱਥਾ ਲਾਉਂਦਾ ਹੈ। ਦਮੋਦਰ ਦਾ ਰਾਂਝਾ ਮੂੰਹ-ਕੂਲ ਹੈ ਪਰ ਵਾਰਿਸ ਦਾ ਰਾਂਝਾ ਮੂੰਹ-ਜ਼ੋਰ ਜੋ ਸ਼ੂਕਦੇ ਦਰਿਆ ਵਾਂਗ ਹਰ ਕਿਸੇ ਨੂੰ ਫੰਕਾਰੇ ਮਾਰ ਕੇ ਡਰਾਉਂਦਾ ਹੈ:-

“ਅੰਨ੍ਹੇ ਕੌੜ੍ਹਿਆ, ਲੂਲ੍ਹਿਆਂ ਵਾਂਝ ਬੈਠੇ,
ਕੁਰਹਾ ਮਰਣ ਜਹਾਨ ਦਾ ਮਾਰਦੇ ਹੋ।

ਵਾਰਿਸ ਸ਼ਾਹ ਮੁਸਾਫ਼ਰਾਂ ਆਇਆਂ ਨੂੰ,
ਚਲੋ ਚਲੀ ਹੀ ਪਏ ਪੁਕਾਰਦੇ ਹੋ।

ਵਾਰਿਸ ਸ਼ਾਹ ਨੇ ਹੀਰ ਤੇ ਉਸ ਦੇ ਖਾਨਦਾਨ ਦੀ ਅਜ਼ਮਤ ਨੂੰ ਉਸ ਦੀ ਕੁੜਮਾਈ ਜਾਂ ਲੜਾਈ ਨਾਲ ਉਜਾਗਰ ਕਰਨ ਦੀ ਥਾਂ ਹੀਰ ਦੀ ਖੂਬਸੂਰਤੀ ਨੂੰ ਜੋ ਕਹਾਣੀ ਨਾਲ ਸਿੱਧਾ ਸੰਬੰਧ ਰਖਦੀ ਹੈ, ਸ਼ਾਇਰ ਦੇ ਕਲਾਮ ਰਾਹੀਂ ਮਨੋਹਰ ਰੂਪ ਵਿਚ ਪੇਸ਼ ਕਰ ਕੇ ਕਹਾਣੀ ਦੀ ਝਲ ਅੱਖਾਂ ਚਾਰ ਕਰਾ ਕੇ ਪਾ ਦਿੱਤੀ ਹੈ:-

“ਹੋਂਠ ਸੁਰਖ ਯਾਕੂਤ ਜਿਓਂ ਲਾਲ ਚਮਕਣ,
ਠੋਡੀ ਸੇਬ ਵਲਾਇਤੀ ਸਾਰ ਵਿਚੋਂ।

ਨੱਕ ਅਲਫ਼ ਹੁਸੈਨੀ ਦਾ ਪਿਪਲਾ ਸੀ,
ਜ਼ੁਲਫ਼ ਨਾਗ਼ ਖਜ਼ਾਨੇ ਦੀ ਬਾਰ ਵਿਚੋਂ।

ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ,
ਦਾਣੇ ਨਿਕਲੇ ਹੁਸਨ ਅਨਾਰ ਵਿਚੋਂ।