ਪੰਨਾ:Alochana Magazine May 1960.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਅਰੁਣਾ ਨੂੰ ਪਤਾ ਲਗ ਗਇਆ ਸੀ ਤੇ ਜਸਵੰਤ ਬੜਾ ਸ਼ਰਮਿੰਦਾ ਸੀ। ਜਸਵੰਤ ਹਰਬੰਸ ਨੂੰ ਹੋਟਲ ਵਿਚ ਮਿਲਿਆ ਤੇ ਸਮਗਲਿੰਗ ਦੇ ਮਾਲ ਬਾਬਤ ਦਸ ਆਇਆ।

ਮਾਲ ਫੜੇ ਜਾਣ ਦੇ ਡਰ ਤੋਂ ਹਰਨਾਮੀ ਤੇ ਭਜਨ ਸਿੰਘ ਸਾਰੀ ਰਾਤ ਵਿਉਂਤਾਂ ਬਣਾਉਂਦੇ ਰਹਿੰਦੇ। ਮਾਲ ਗਿਣ ਕੇ ਕਦੀ ਕਿਤੇ ਦਬਦੇ ਕਦੀ ਕਿਤੇ। ਇਉਂ ਮਾਲ ਗਿਣ ਰਹੇ ਸਨ ਕਿ ਬੂਹਾ ਖੜਕਿਆ ਬਹੁਤ ਘਬਰਾ ਕੇ ਬੂਹਾ ਖੋਲਿਆ। ਪਰਮੇਸ਼ਰੀ ਦੀ ਮਾਂ ਨੇ ਅੰਦਰ ਲੰਘ ਕੇ ਪੈਸੇ ਮੰਗੇ। ਅਜ ਭਜਨ ਸਿੰਘ ਦੁਰਕਾਰ ਦਿਤਾ ਤੇ ਅਠਿਆਨੀ ਦੇ ਕੇ ਕਢ ਦਿਤਾ। ਉਹ ਦੂਜੇ ਦਿਨ ਡੁਬ ਕੇ ਮਰ ਗਈ। ਹਰਬੰਸ ਨੇ ਕਾਰ ਵਿਚ ਭਜਨ ਸਿੰਘ ਨੂੰ ਹੋਟਲ ਵਿਚ ਸਦਿਆ। ਜਦ ਭਜਨ ਸਿੰਘ ਗਇਆ ਤਾਂ ਉਸ ਦਸ ਹਜ਼ਾਰ ਰੁਪਿਆ ਮੰਗਿਆ ਤੇ ਕਹਿਆ ਤੁਹਾਡੇ ਕੋਲ ਬਥੇਰਾ ਪੇਸ਼ਾ ਹੈ। ਤੇ ਕਹਿਆ ਮੈਂ ਆਵਾਂਗਾ ਪੰਜਾਂ ਕੁ ਦਿਨਾਂ ਤੀਕ ਤਿਆਰ ਰਖਣਾ| ਭਜਨ ਸਿੰਘ ਆਪਣੀ ਤੀਵੀਂ ਨਾਲ ਲੜਿਆ ਕਿ ਉਸ ਜਸਵੰਤ ਨੂੰ ਕਿਉਂ ਭੇਤ ਦਸਿਆ।

ਮਾਲ ਸਾਂਭ ਕੇ ਨਠਣ ਦਾ ਯਤਨ ਕਰ ਰਹੇ ਸਨ ਕਿ ਬੂਹਾ ਖੜਕਿਆ। ਬੂਹਾ ਖੋਲਣ ਤੇ ਅੰਦਰ ਪੁਲਸ ਆਈ। ਉਹਨਾਂ ਸਾਰਾ ਮਾਲ ਜ਼ਬਤ ਕਰ ਲਇਆ ਤੇ ਇਕ ਰੁੱਕਾ ਭਜਨ ਸਿੰਘ ਨੂੰ ਦੇ ਕੇ ਕਹਿਣ ਲਗਾ, 'ਅਸੀਂ ਪਛਾਣ ਕੇ ਕੇਵਲ ਅਨੂਪ ਸਿੰਘ ਵਾਲਾ ਗਹਿਣਾ ਰਖਣਾ ਹੈ ਬਾਕੀ ਸਵੇਰੇ ਠਾਣੇ ਇਹ ਰੁੱਕਾ ਵਿਖਾ ਕੇ ਲੈ ਲੈਣਾ।' ਤੀਵੀਂ ਆਦਮੀ ਠਾਨੇਦਾਰ ਦੀ ਹਮਦਰਦੀ ਤੇ ਸਚਾਈ ਤੇ ਬੜੇ ਖੁਸ਼ ਹੋਏ ਕਿ ਹਰ ਭਾਂਤ ਦਾ ਬਚਾਉ ਹੋ ਗਇਆ। ਦੂਜੇ ਦਿਨ ਭਜਨ ਸਿੰਘ ਪੁਛਦਾ ਪੁਛਾਂਦਾ ਕੋਤਵਾਲੀ ਗਇਆ ਪਰ ਜਦ ਉਸ ਨੂੰ ਰੁੱਕਾ ਪੜ੍ਹ ਕੇ ਦਸਿਆ ਕਿ ਉਹ ਤਾਂ ਮੈਂਟਲ ਹਸਪਤਾਲ ਦਾਖਲ ਹੋਣ ਦੀ ਸਫ਼ਾਰਸ਼ ਹੈ। ਤਾਂ ਭਜਨ ਸਿੰਘ ਧੜਮ ਕਰਦਾ ਡਿਗ ਪਇਆ। ਉਸ ਨੂੰ ਬੜਾ ਧੱਕਾ ਲੱਗਾ । ਉਹ ਮੰਜੇ ਤੇ ਪੈ ਗਇਆ। ਮਰਨ ਲਗੇ ਭਜਨ ਸਿੰਘ ਨੇ ਪੁਰਾਣੀ ਤਸਵੀਰ ਮੰਗਵਾਈ ਤੇ ਉਹਨੂੰ ਵੇਖ ਕੇ ਰੋਣ ਲਗ ਪਇਆ, ਕੌਣ ਲਗਿਆ ਸਾਡੀਆਂ ਬਰਕਤਾਂ ਤੇ ਹਰਨਾਮੀ ਨੇ ਕੁਰਲਾ ਕੇ ਕਹਿਆ, ‘ਛਲਾਵਾ ਛਲ ਗਇਆ, ਸਾਡੀਆਂ ਬਰਕਤਾਂ...ਅਸੀਂ ਭੁਲ ਗਏ ਬੰਸੀ ਦੇ ਬਾਪੂ...।” ਇਹ ਸ਼ਬਦ ਸੁਣਦਾ ਭਜਨ ਸਿੰਘ ਆਪਣੀ ਛਾਤੀ ਤੇ ਤਸਵੀਰ ਰਖ ਕੇ ਮਰ ਗਇਆ। ਜਸਵੰਤ ਤੇ ਅਰੁਣਾ ਜਿਨ੍ਹਾਂ ਦਾ ਹੁਣ ਵਿਆਹ ਹੋ ਚੁਕਾ ਸੀ ਉਦੋਂ ਪੁਜੇ ਜਦ ਉਹ ਚਲ ਵਸਿਆ। ਅਰੁਣਾ ਨੂੰ ਮਿਲ ਕੇ ਹਰਨਾਮੀ ਰੋਈ, “ਮੇਰੇ ਭਾਗ ਖੋਟੇ ਸਨ ਚੰਨੀਏ... ਮੈਂ ਹੀਰਿਆਂ ਮੋਤੀਆ ਨੂੰ...ਛਡ ਕੇ।' ਜਸਵੰਤ ਸਿੰਘ ਉਸੇ ਤਰ੍ਹਾਂ ਮੰਜੇ ਦੀ ਸਰਹਾਂਦੀ ਬੈਠਾ ਹੁਖ ਵਿਚ ਤਸਵੀਰ ਫੜੀ ਫਰਕ ਫਰਕ ਰੋਈ ਜਾ ਰਹਿਆ ਸੀ। ਇਨ੍ਹਾਂ ਵਾਕਾਂ ਨਾਲ ਤੇ ਕਰਮ ਨਾਲ ਉਪਨਿਆਸ ਦਾ ਅੰਤ ਹੋ ਜਾਂਦਾ ਹੈ।

੧੯