ਪੰਨਾ:Alochana Magazine May 1960.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਤਾਲੀ ਦੀ ਲਹਿਰ ਉਠ ਰਹੀ ਜਾਪਦੀ ਸੀ। ਲੋਕ ਖਿਝ ਰਹੇ ਸਨ। ਸ਼ਰਮਾ ਚੁਪ ਚੁਪ ਰਹਿਣ ਲਗਾ। ਤਤਈਆ ਨੇ ਇਸ ਦਾ ਕਾਰਣ ਪੁਛਿਆ ਤਾਂ ਉਸ ਕਹਿਆ ਉਹਨੂੰ ਪਾਉਣ ਲਈ ਧਰਤੀ ਨੂੰ ਇਕ ਹਾਂਡੀ ਲਹੂ ਦੇਣਾ ਪਵੇਗਾ। ਮਹਾਤਮਾ ਗਾਂਧੀ ਦੀ ਚਿਠੀ ਆਈ ਸ਼ਰਮਾ ਬਿਨਾ ਦਸੇ ਘਰੋਂ ਚਲਾ ਗਇਆ। ਤਤਈਆ ਜੋ ਮਾਂ ਬਣਨ ਵਾਲੀ ਸੀ ਨਿਢਾਲ ਹੋ ਗਈ। ਸੰਤੋਖ ਸਿੰਘ ਕਲਪਣ ਲਗਾ। ਲੋਕ, ਬੁਰਾ ਭਲਾ ਕਹਿਣ ਲਗੇ। ਫੇਰ ਇਕ ਦਿਨ ਸ਼ਰਮੇ ਦੀ ਚਿਠੀ ਆਈ। ਉਪਨਿਆਸ ਵਿਚ ਕੇਂਦਰੀ ਕਹਾਣੀ ਅਨੁਸਾਰ ਇਹ ਚਿਠੀ ਮੁੜ ੯੪ ਸਫੇ ਤੇ ਆਈ ਹੈ। ਪਹਿਲਾਂ ਸੰਤੋਖ ਸਿੰਘ ਨੇ ਚਿਠੀ ਪਾੜ ਸੁਟਣੀ ਚਾਹੀ। ਫੇਰ ਪੜ੍ਹੀ ਉਸ ਵਿਚ ਉਸ ਦੇ ਜਾਣ ਤੋਂ ਤਿੰਨ ਸਾਲ ਕੈਦ ਹੋਣ ਬਾਬਤ ਲਿਖਿਆ ਸੀ, ਸਾਰੇ ਫੇਰ ਉਸ ਦੇ ਕੁਰਬਾਨੀ ਤੋਂ ਕੁਰਬਾਨ ਹੋਣ ਲਗੇ। ਜ਼ਮੀਨ ਵਾਹੁਣ ਦਾ ਅੰਦੋਲਨ ਹੁਣ ਤਤਈਆ ਨੇ ਆਪ ਅਰੰਭਿਆ। ਨਿਯਤ ਦਿਨ ਤੇ ਸਭ ਤੋਂ ਅਗੇ ਤਤਈਆ ਆਪਣੀ ਜੋਗ ਲੈ ਕੇ ਤੁਰੀ। ਜ਼ਮੀਨ ਦੇ ਦੁਆਲੇ ਵਾੜ ਸੀ। ਤਤਈਆਂ ਨੇ ਆਪਣੇ ਬਲਦਾਂ ਦੇ ਜ਼ੋਰ ਦੀ ਛਾਂਟਾ ਮਾਰਿਆ ਉਹ ਵਾੜ ਭੰਨ ਕੇ ਅੰਦਰ ਚਲੇ ਗਏ। ਬਾਕੀ ਸਾਰੇ ਪਿਛੇ ਰਹਿ ਗਏ। ਅਗਿਉਂ ਦੇ ਗੋਲੀਆਂ ਆ ਕੇ ਉਸ ਦੀ ਛਾਤੀ ਵਿਚ ਲਗੀਆਂ। ਉਹ ਉਥੇ ਲਹੂ ਲੁਹਾਣ ਹੋ ਕੇ ਡਿਗ ਪਈ। ਸੰਤੋਖ ਸਿੰਘ ਉਸ ਨੂੰ ਘਰ ਲਿਆਉਣਾ ਚਾਹਿਆ ਪਰ ਲੋਕਾਂ ਨੇ ਕਹਿਆ ਕਿ ਏਥੇ ਉਸ ਨੂੰ ਆਪਣੀ ਜ਼ਮੀਨ ਵਿਚ ਹੀ ਰਹਿਣ ਦਿਓ ਜਿਸ ਖਾਤਰ ਉਸ ਆਪਾ ਵਾਰਿਆ ਹੈ। ਸੰਤੋਖ ਸਿੰਘ ਨੇ ਜ਼ਖਮ ਸੁਆਉਣ ਲਈ ਬੜੇ ਤਰਲੇ ਕੀਤੇ ਪਰ ਤਤਈਆ ਨਾ ਮੰਨੀ ਤਾਂ ਜੋ ਉਹ ਲਹੂ ਦੀ ਹਾਂਡੀ ਧਰਤੀ ਨੂੰ ਦੇ ਸਕੇ। ਇਹ ਕਹਿੰਦੀ ਉਹ ਮਰ ਗਈ ਤੇ ਉਪਨਿਆਸ ਖਤਮ ਹੋ ਜਾਂਦਾ ਹੈ। ਜਦ ਮਰਨ ਸਮੇਂ ਤਤਈਆ ਦੇ ਚਿਹਰੇ ਤੇ ਇਹ ਪ੍ਰਭਾਵ ਪ੍ਰਤੀਤ ਹੁੰਦਾ ਸੀ 'ਕਿਉਂ ਜੀ ਆਖਰ ਮੈਂ ਨੇ ਤੁਮੇਂ ਪਾ ਹੀ ਲੀਆ ਨਾ।' ਇਸ ਵਿਚ ਕਹਾਣੀ ਬਹੁਤ ਥੋੜੀ ਹੈ ਇਸ ਲਈ ਗੁੰਦਣ ਸਮੇਂ ਉਚੇਚੇ ਯਤਨ ਦੀ ਲੋੜ ਨਹੀਂ ਪਈ।

ਪਾਤਰ ਤੇ ਪਾਤਰ ਉਸਾਰੀ:- ਪਾਤਰ ਉਪਨਿਆਸ ਦੀਆਂ ਜੀਉਂਦੀਆਂ ਨਾੜਾਂ ਹੁੰਦੀਆਂ ਹਨ। ਜਿਵੇਂ ਨਾੜੀਆਂ ਬਿਨਾ ਸਰੀਰ ਜੀਉਂਦਾ ਨਹੀਂ ਰਹਿ ਸਕਦੀਆਂ ਤਿਵੇਂ ਪਾਤਰਾ ਬਿਨਾ ਉਪਨਿਆਸ ਦੀ ਹੋਂਦ ਅਸੰਭਵ ਹੈ। ਅਜ ਕਲ ਤਾਂ ਉਪਨਿਆਸ ਕਰਤਵ ਹੀ ਪਾਤਰ ਦੇ ਭਾਵਾਂ ਤੇ ਉਸ ਦੇ ਭਾਵਾਂ ਅਨੁਸਾਰ ਘੋਲ ਦਾ ਯਥਾਰਥਵਾਦੀ ਢੰਗ ਨਾਲ ਚਿਤਰ ਪੇਸ਼ ਕਰਨਾ ਹੈ।

ਜੇ ਇਨ੍ਹਾਂ ਪੰਜਾਂ ਉਪਨਿਆਸਾਂ ਦੇ ਸਾਰੇ ਪਾਤਰਾਂ ਨੂੰ ਪੂਰੀ ਤਰ੍ਹਾਂ ਵਿਚਾਰੀਏ ਤਾਂ ਅਸੀਂ ਇਨਾਂ ਨੂੰ ਇਹੋ ਜੇਹੀਆਂ ਸ਼ਰੇਣੀਆਂ ਵਿੱਚ ਵੰਡ ਸਕਦੇ ਹਾਂ:-

੨੧