ਪੰਨਾ:Alochana Magazine May 1960.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰਾਂ ਦੀ ਪੁਤਲੀ ਜਾਪਦੀ ਹੈ ਇਸ ਵਿਚ ਜਾਨ ਨਹੀਂ, ਇਹ ਪਹਿਲ ਤੇ ਖੜੋਤਾ ਪਾਤਰ ਹੈ।

ਸਰਮਾਇਆਦਾਰ ਪਾਤਰ--ਜਿਨ੍ਹਾਂ ਦਾ ਗੁਰ ਪੀਰ ਪੈਸਾ ਹੈ, ਇਹ ਕਿਸੇ ਦੇ ਮਿਤਰ ਨਹੀਂ ਇਨ੍ਹਾਂ ਨੂੰ ਨਿਰੋਲ ਪੈਸਾ ਚਾਹੀਦਾ ਹੈ।

ਸਵਰਨ ਸਿੰਘ (ਆਸਤਕ ਨਾਸਤਕ) ਇਹ ਸਾਬਨ ਦਾ ਵਿਉਪਾਰੀ ਹੈ। ਪੁਤਰ ਧੰਨ ਲਈ ਤਰਸਦਾ ਹੈ ਤੇ ਆਪਣੀ ਪਤਨੀ ਨੂੰ ਕੁੜੀਆਂ ਜੰਮਣ ਤੇ ਕੇਸਦਾ ਹੈ, ਕਿਉਂਕਿ ਕੁੜੀਆਂ ਨੇ ਜਾਂਦਿਆਂ ਵਾਰੀ ਹੂੰਝਾ ਫੇਰਨਾ ਹੈ ਤੇ ਮੁੰਡਿਆਂ ਨੇ ਲਿਆ ਕੇ ਘਰ ਭਰਨਾ ਹੈ। ਕੁੜੀ ਹੋਣ ਦੀ ਅਸਲੀਅਤ ਤੋਂ ਡਰਦਾ ਹੈ, ਜਿਹੜਾ ਲਾਭ ਪਚਾਵੇ ਉਸ ਨੂੰ ਪੂਜਦਾ ਹੈ। ਸੰਤਾਂ ਦੇ ਕਹੇ ਮੁੰਡਾ ਹੋ ਗਇਆ, ਸੰਤਾਂ ਨੇ ਨਾਲੇ ਬਗੀਚੀ ਲੁਆ ਦਿਤੀ। ਪੈਸੇ ਦੀ ਲੋੜ ਪਈ ਇਮਾਰਤ ਦਾ ਇਕੱਠਾ ਕੀਤਾ ਫੰਡ ਚੋਰੀਂ ਵਰਤ ਲਇਆ ਤੇ ਜਦ ਸੰਤ ਨੇ ਹਿਸਾਬ ਆਪ ਲੈ ਲਇਆ ਤਾਂ ਸੰਤ ਦੀਆਂ ਕਰਤੂਤਾਂ ਨੂੰ ਲੁਕੋ ਕੇ ਰਖ ਕੇ ਤੇ ਉਸ ਨੂੰ ਡਰਾ ਕੇ ਉਸ ਕੋਲੋਂ ਪੈਸਾ ਬਟੋਰਨ ਦਾ ਯਤਨ ਕਰਦਾ ਹੈ। ਉਸ ਨੂੰ ਕਾਬੂ ਕਰਨ ਲਈ ਅੰਬੋ ਵਿਚਾਰੀ ਨੂੰ ਉਸ ਦੀ ਵਾਸ਼ਨਾ ਅਗ ਵਿਚ ਸੁਟਦਾ ਹੈ। ਜਦ ਪੈਸਾ ਨਹੀਂ ਦੇਂਦਾ ਉਸ ਕੋਲੋਂ ਹਵੇਲੀ ਮੰਗਦਾ ਹੈ। ਆਪਣੀ ਜ਼ਨਾਨੀ ਨੂੰ ਹਵੇਲੀ ਦੇਣ ਖਾਤਰ ਬੁਰਾ ਭਲਾ ਕਹਿੰਦਾ ਹੈ ਤੇ ਅੰਤ ਉਸ ਤੇ ਪਹਿਰਾ ਲਾ ਦਿੰਦਾ ਹੈ। ਪੈਸੇ ਦੇ ਪੀਰਾਂ ਦਾ ਚੰਗਾ ਚਿਤਰ ਹੈ।

ਅਨੂਪ ਸਿੰਘ ਤੇ ਉਸ ਦੀ ਪਤਨੀ ਵੀ ਇਸੇ ਸ਼੍ਰੇਣੀ ਦੇ ਹਨ ਭਾਵੇਂ ਉਨ੍ਹਾਂ ਨੂੰ ਪੂਰਣ ਭਾਂਤ ਉਸਾਰਿਆ ਨਹੀਂ ਗਇਆ ਹੈ। ਉਹ ਆਪਣਾ ਪੈਸਾ ਜਵਾਈ ਨੂੰ ਦੇਣਾ ਚਾਹੁੰਦੇ ਹਨ ਉਹ ਵੀ ਉਦੋਂ ਤੀਕ, ਜੇ ਆਪਣੇ ਘਰ ਮੁੰਡਾ ਨਾ ਹੋਵੇ। ਉਹ ਪੈਸੇ ਨਾਲ ਆਪਣੇ ਜੁਆਈ ਨੂੰ ਮਿਟੀ ਦੇ ਢੇਰ ਵਾਂਗ ਖਰੀਦਣਾ ਚਾਹੁੰਦੇ ਹਨ।

ਸ਼ਮਸ਼ੇਰ ਸਿੰਘ ਤੇ ਉਸ ਦੀ ਪਤਨੀ ਵੀ ਇਸੇ ਸ਼੍ਰੇਣੀ ਦੇ ਹਨ। ਇਹ ਕੋੜਮਾ ਸਾਰਾ ਇਸੇ ਖਮੀਰ ਦਾ ਬਣਿਆ ਹੋਇਆ ਹੈ। ਇਨ੍ਹਾਂ ਦਾ ਪੁਤਰ ਬਰਜਿੰਦਰ ਵੀ ਇਹੋ ਜਹਿਆ ਹੈ। ਲੋੜ ਵੇਲੇ ਗਧੇ ਨੂੰ ਪਿਉ ਕਹਿਣਾ ਇਨ੍ਹਾਂ ਦੀ ਰਾਜਨੀਤੀ ਹੈ। ਇਹ ਚੰਨਣ ਨੂੰ ਨਿਰੀ ਰੋਟੀ ਤੇ ਉਤਾਰ ਦੇ ਕੇ ਤੇ ਪਾਸ ਹੋਣ ਤੋਂ ਨੌਕਰੀ ਦੁਆਉਣ ਦਾ ਲਾਰਾ ਲਾ ਕੇ ਚੰਗੀ ਤਰ੍ਹਾਂ ਚੂਸਦੇ ਹਨ ਤੇ ਬਰਜਿੰਦਰ ਨੂੰ ਪੜ੍ਹਾ ਕੇ ਪਾਸ ਕਰਾ ਦਿੰਦੇ ਹਨ ਤੇ ਮਗਰੋਂ ਲੱਤ ਮਾਰ ਕੇ ਕਢ ਦਿੰਦੇ ਹਨ ਤੇ ਚਿਠੀ ਦਾ ਜੁਆਬ ਵੀ ਨਹੀਂ ਦਿੰਦੇ ਘਰ ਆਏ ਨੂੰ ਝਾੜ ਕੇ ਬਿਠਾ ਦਿੰਦੇ ਹਨ ਪਰ ਚੋਣਾਂ ਸਮੇਂ ਫੇਰ ਪੈਸੇ ਦੇ ਕੇ ਖਰੀਦ ਲੈਂਦੇ ਹਨ ਤੇ ਸੌ ਸੌ ਆਦਰ ਕਰਦੇ ਹਨ। ਚੋਣਾਂ ਮਗਰੋਂ ਉਸ ਨੂੰ ਫੇਰ ਦੁਰਕਾਰ ਦਿੰਦੇ ਹਨ। ਭਾਵੇਂ ਉਨ੍ਹਾਂ ਦੀ ਖਾਤਰ ਵਿਚਾਰੇ ਨੇ ਬੜੀਆਂ ਸੱਟਾਂ ਖਾਧੀਆਂ ਸਨ।

੨੬