ਪੰਨਾ:Alochana Magazine May 1960.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਾਰਿਆਂ ਹੈ ਤੇ ਸਥਾਨਕ ਰੰਗ ਸਿਰਜਿਆ ਹੈ। ਅਣਸੀਤੇ ਜ਼ਖਮ ਵਿਚ ਯੂ. ਪੀ. ਦਾ ਵਾਤਾਵਰਣ ਉਸਾਰਨ ਲਈ ਪਾਤਰਾਂ ਦਾ ਥਾਂ ਪਤਾ ਦਸਣ ਲਈ ਯੂ. ਪੀ. ਦੇ ਪਾਤਰਾਂ ਕੋਲੋਂ ਹਿੰਦੀ ਤੇ ਪੰਜਾਬੀ ਪਾਤਰਾਂ ਕੋਲ ਪੰਜਾਬੀ ਬੁਲਾਈ ਹੈ। ਕਿਤੇ ਨਾਨਕ ਸਿੰਘ ਇਤਿਹਾਸਕ ਪਿਛੋਕੜ ਦੇਣ ਵਿਚ ਐਨਾ ਰੁੜ ਜਾਂਦਾ ਹੈ ਕਿ ਉਪਨਿਆਸ ਦਾ ਰਸ ਨਾਸ ਹੋ ਜਾਂਦਾ ਹੈ।

ਹੁਣ ਨਾਨਕ ਸਿੰਘ ਵਾਰਿਸ ਵਾਂਗ ਐਵੇ ਵਾਧੂ ਗਿਆਨ ਦੇਣ ਦਾ ਨਿਸਫਲ ਯਤਨ ਕਰਦਾ ਹੈ। ਕਦੀ ਕਲਾ ਸਿਧਾਂਤ, ਕਦੀ ਸੰਗੀਤ ਕਲਾ, ਕਦੀ ਗੁਰਬਾਣੀ ਦੇ ਅਰਥ, ਕਦੀ ਹਰਵਲ ਦਾ ਮੇਲ, ਕਦੀ ਮੇਘਦੂਤ ਦਾ ਅਨਵਾਦ, ਕਦੀ ਬੁਤਕ ਦੇ ਸਿਧਾਂਤ ਤੇ ਕਦੀ ਸਥਾਨਕ ਲਹਿਰਾਂ ਦਾ ਖੁਲ੍ਹਾ ਕਹਾਣੀ ਵਿਚ ਅਣਪਚਿਆ ਬਿਆਨ ਬਹੁਤ ਦੇਣ ਲੱਗ ਪੈਂਦਾ ਹੈ। ਇਹ ਸਭ ਕੁਝ ਦੇਣਾ ਚਾਹੀਦਾ ਹੈ ਪਰ ਇਹ ਕਹਾਣੀ, ਪਾਤਰਾਂ ਦੇ ਕਰਮਾਂ ਵਿਚ ਰਚਿਆ ਹੋਇਆ ਹੋਣਾ ਚਾਹੀਦਾ ਹੈ। ਇਹ ਤਾਂ ਨਿਰੀ ਭਰਤੀ ਜਾਪਦੀ ਹੈ। ਨਾਨਕ ਸਿੰਘ ਗੁਰਬਾਣੀ ਦਾ ਪ੍ਰਯੋਗ ਵੀ ਅਗੋਂ ਨਾਲੋਂ ਵਧੇਰੇ ਕਰਦਾ ਹੈ। ਨਾਨਕ ਸਿੰਘ ਹੁਣ ਬੁਢੇ ਬੁਜ਼ੁਰਗਾਂ ਵਾਲੇ ਪ੍ਰਚਾਰ ਬਹੁਤ ਕਰਦਾ ਹੈ। ਨਾਨਕ ਸਿੰਘ ਦੇ ਵਿਸ਼ਯਾਂ ਵਿਚ ਵੀ ਕੋਈ ਨਵੀਨਤਾ ਨਹੀਂ ਰਹੀ। ਨਵਾਂ ਵਿਸ਼ਯ, ਅਣਸੀਤੇ ਜ਼ਖਮ ਵਿਚ ਲਇਆ ਹੈ, ਪਰ ਉਥੇ ਕਹਾਣੀ ਨਹੀਂ ਉਸਰੀ, ਨਿਰਾ ਢਾਂਚਾ ਜਹਿਆ ਰਹਿ ਗਇਆ ਹੈ। ਤੇ ਇਸ ਵਿਚ ਪਾਤਰ ਵੀ ਕਹਾਣੀ ਵਾਂਗ ਬਣੇ ਬਣਾਏ ਹਨ। ਉਹ ਉਸਦੇ ਨਹੀਂ, ਵਧਦੇ ਫੁਲਦੇ ਨਹੀਂ, ਅਹਿਲ ਖੜੋਤੇ ਹਨ। ਨਾਨਕ ਸਿੰਘ ਕਹਾਣੀ ਨੂੰ ਖਿਲਾਰ ਕੇ ਹੀ ਰਸ ਉਸਾਰ ਸਕਦਾ ਹੈ, ਕਹਾਣੀ ਸਮੇਟ ਕੇ ਉਸ ਕੋਲੋਂ ਰਸ ਨਹੀਂ ਉਸਰਦਾ ਹੈ।

ਨਾਨਕ ਸਿੰਘ ਦੀ ਬੋਲੀ ਵੀ ਦਿਨੋਂ ਦਿਨ ਥਿੜਕਦੀ ਜਾਂਦੀ ਹੈ। ਭਾਵੇਂ ਨਾਨਕ ਸਿੰਘ ਉਰਦੂ ਦੇ ਸ਼ਬਦ ਪਹਿਲਾਂ ਵਾਂਗ ਹੀ ਵਰਤਦਾ ਹੈ ਪਰ ਹੁਣ ਉਹ ਅੰਗ੍ਰੇਜ਼ੀ ਦੇ ਸ਼ਬਦ ਵੀ ਖੁਲ੍ਹੇ ਵਰਤਣ ਲਗ ਪਇਆ ਹੈ। ਕਈ ਥਾਈਂ ਉਹ ਆਪਣੇ ਸ਼ਬਦ ਬਣਾਉਂਦਾ ਹੈ ਜੋ ਪੂਰੀ ਤਰ੍ਹਾਂ ਜਚਦੇ ਨਹੀਂ ਹਨ। ਜਿਵੇਂ ਆਂਘਸ, ਯਥੈਸ਼ਟ, ਲੱਲੋਕਤੀ ਇਹੋ ਜਿਹੇ ਬੇਸ਼ੁਮਾਰ ਸ਼ਬਦ ਹਨ। ਹੁਣ ਨਾਨਕ ਸਿੰਘ ਦਾ ਮੁਹਾਵਰਾ ਵੀ ਸ਼ੁਧ ਨਹੀਂ ਰਹਿਆ। ਨਾਨਕ ਸਿੰਘ ਜਿਹੜਾ ਅਲੰਕਾਰ ਜਾਂ ਰੂਪਕ ਹਰ ਕਾਂਡ ਦੇ ਅਰੰਭ ਵਿਚ ਵਰਤਦਾ ਹੈ ਜਾਂ ਤਾਂ ਉਹ ਜ਼ੋਰਦਾਰ ਨਹੀਂ ਹੁੰਦਾ ਜਾਂ ਉਂਜ ਹੀ ਵਾਧੂ ਜਾਪਦਾ ਹੈ, ਉਸ ਨੂੰ ਛੱਡ ਕੇ ਪੜ੍ਹਣ ਨਾਲ ਵੀ ਕਹਾਣੀ ਰਸ ਵਿਚ ਕੋਈ ਫ਼ਰਕ ਨਹੀਂ ਪੈਂਦਾ। ਨਾਨਕ ਸਿੰਘ ਦੀ ਵਾਰਤਕ ਸ਼ੈਲੀ ਇੰਨੀ ਜ਼ੋਰਦਾਰ ਨਹੀਂ

੩੮