ਪੰਨਾ:Alochana Magazine May 1960.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਉਂ ਆਪਣੀਆਂ ਰੇਸ਼ਮੀ ਤੰਦਾਂ ਦੀ ਰਗੜ ਨਾਲ ਚਿੰਗਿਆੜੇ ਸਿਰਜੇ ਤੇ ਇਉਂ ਮੁਕੇ ਕਿ ਕਹਾਣੀ ਦੇ ਤੰਦਾਂ ਵਿਚ ਪਰੋਏ ਪਾਤਰਾਂ, ਕਹਾਣੀ ਤੰਦਾਂ ਨਾਲ ਉਲੀਕੇ ਗਏ ਪਾਤਰਾਂ ਦਾ ਅੰਗ ਅੰਗ ਰੂਪਮਾਨ ਹੋ ਜਾਵੇ ਤੇ ਉਨ੍ਹਾਂ ਦੀ ਰਗ ਰਗ ਦ੍ਰਿਸ਼ਟੀ ਗੋਚਰ ਹੋ ਜਾਵੇ, ਜਿਸ ਨਾਲ ਪਾਤਰ ਵੀ ਨਸ਼ਿਆ ਜਾਵੇ ਤੇ ਪਾਠਕ ਵੀ । ਜਿਵੇਂ ਪਾਣੀ ਫੈਲ ਕੇ ਖੇਤ ਦੇ ਅੰਦਰ ਇਕੱਲੇ ਇਕੱਲੇ ਬੀਜ ਕੋਲ ਅਪੜ ਕੇ ਤ੍ਰਿਪਤ ਕਰਿਆ ਕਰਦਾ ਹੈ, ਤਿਵੇਂ ਚੰਗੀ ਕਹਾਣੀ-ਰੂਪ-ਜਲ ਪਾਤਰਾਂ ਦੀ ਤ੍ਰਿਪਤੀ ਕਰੇ,ਤਾਂ ਹੀ ਪਾਠਕ ਕਹਾਣੀ ਵਿਚ ਕੀਲਿਆ ਜਾਵੇਗਾ ਤੇ ਫੇਰ ਪਾਤਰਾਂ ਨਾਲ ਪ੍ਰਭਾਵਿਤ ਹੋ ਕੇ ਨਿਰਾ ਰਸ ਹੀ ਨਹੀਂ ਮਾਣੇਗਾ ਸਗੋਂ ਅਰੋਗ ਵੀ ਹੋ ਜਾਵੇਗਾ ।

ਸੋ ਇਸ ਪਰਿਭਾਸ਼ਾ ਦੀ ਸੂਝ ਦੇ ਕਾਰਨ ਹੀ ਨਾਨਕ ਸਿੰਘ ਕਹਾਣੀ ਗੁੰਦਣ, ਕਹਾਣੀ ਰਸਾਉਣ ਤੇ ਕਹਾਣੀ ਵਿਚ ਕੀਲਣ ਸ਼ਕਤੀ ਲਿਆਉਣ ਵਿਚ ਬਹੁਤ ਮਿਹਨਤ ਕਰਦਾ ਹੈ। ਤਦੇ ਤਾਂ ਕਿਹਾ ਜਾਂਦਾ ਹੈ, ਕਿ ਨਾਨਕ ਸਿੰਘ ਨੂੰ ਕਹਾਣੀ ਸੁਣਾਉਣੀ ਆਉਂਦੀ ਹੈ, ਜਿਸ ਕਰਕੇ ਉਹ ਹਰਮਨ-ਪਿਆਰਾ ਹੈ।

ਨਾਨਕ ਸਿੰਘ ਦੀ ਕਲਾ ਵਿਚ ਭਾਵੇਂ ਕਿੰਨੀਆਂ ਕਚਿਆਈਆਂ ਹਨ, ਅੱਤ ਦਾ ਮੌਕਾ ਮੇਲ ਹੈ, ਅੱਤ ਦਾ ਆਦਰਸ਼ਵਾਦ ਭਾਵੁਕਤਾ ਨਾਲ ਲਤਾੜਿਆ ਹੋਇਆ ਹੈ, ਨਿਜੀ ਕਰਾਮਾਤੀ ਪਰਿਵਰਤਨ ਦੇ ਅਧਾਰ ਤੋਂ ਜਨਮੇ ਹੋਏ ਪਾਤਰਾ ਦੇ ਵਿਚਕਾਰਲੇ ਜਜ਼ਬਾਤੀ ਤੇ ਅਸੁਭਾਵਕ ਮੋੜ ਆਉਂਦੇ ਹਨ, ਪਰ ਫੇਰ ਵੀ ਉਹ ਬਹੁਤ ਸਫਲ ਉਪਨਿਆਸਕਾਰ ਹੈ, ਕਿਉਂਕਿ ਉਹ ਕਹਾਣੀ-ਜਾਲ ਨੂੰ ਸੁਰਜੀਤ ਰਖ ਕੇ ਗਤੀ ਬਖਸ਼ਣਾ ਜਾਣਦਾ ਹੈ ਤੇ ਕਹਾਣੀ ਨੂੰ ਤਰਕਣ ਨਹੀਂ ਦਿੰਦਾ। ਉਹ ਕਹਾਣੀ ਦੇ ਧਾਗਿਆਂ ਨੂੰ ਲਮਕਣ ਨਹੀਂ ਦਿੰਦਾ, ਜਾਂ ਉਹ ਗੰਢ ਲੈਂਦਾ ਹੈ ਜਾਂ ਤੋੜ ਸੁਟਦਾ ਹੈ ਤੇ ਜਾਂ ਸ਼ਕਤ-ਸ਼ਾਲੀ ਪਰ ਅਸੁਭਾਵਕ ਮੌਕਾ ਮੇਲ ਦੀ ਚੁੰਧਿਆਣੀ ਹੈਰਾਨੀ ਵਿਚ ਲਕੋ ਲੈਂਦਾ ਹੈ। ਜਾਂ ਉਹ ਨਾਟਕੀ ਨਜ਼ਾਕਤ ਨਾਲ ਪਾਠਕਾਂ ਦੇ ਅਖੀਂ ਘਟਾ ਪਾ ਦਿੰਦਾ ਹੈ।

ਨਾਨਕ ਸਿੰਘ ਜਮਾਂਦਰੂ ਸੂਖਮ ਭਾਵਾਂ ਦਾ ਧਾਰਨੀ ਹੈ। ਉਸ ਦੇ ਦਿਲ ਦਾ ਖਮੀਰ ਰਬੋਂ ਹੀ ਕੋਮਲ ਹੈ ਤੇ ਹਰ ਭਾਂਤ ਦਾ ਅਸਰ ਕਬੂਲਦਾ ਹੈ। ਤੇ ਇਹ ਦਿਲ ਬਾਹਰਲੇ ਜੀਵਨ ਲਫੇੜਿਆਂ ਨਾਲ ਹੋਰ ਵੀ ਕੋਮਲ ਹੋ ਗਿਆ ਹੈ। ਆਪਾ ਪ੍ਰਗਟਾਉਣ ਦਾ ਉਸ ਵਿਚ ਬਚਪਨ ਤੋਂ ਹੀ ਬੜਾ ਚਾਅ ਸੀ ਤੇ ਇਸ ਦੀ ਸਫਲਤਾ ਦਾ ਵੀ ਬੜਾ ਨਿਸਚਾ ਸੀ। ਉਸ ਦਾ ਇਹ ਸਿਰਜਨਾਤਮਕ ਚਾਅ ਅਸਫਲ ਪ੍ਰੇਮ ਦੇ ਦਿਲੀ ਦਰਦ ਨਾਲ ਹੋਰ ਸੂਖਮ ਹੋ ਕੇ ਨਿਖਰ ਆਇਆ,ਜਿਵੇਂ ਤਾਰ ਪੂਰਨ ਭਾਂਤ ਕਸਣ ਨਾਲ ਸੁਰ ਹੋ ਜਾਇਆ ਕਰਦੀ ਹੈ| ਘਰੋਗੀ ਤੇ ਸ਼ਰੀਕਾਂ ਦੇ ਵਾਰਾਂ ਨਾਲ ਇਹ ਚਾਅ-ਤਾਰ ਹੋਰ ਕਸੀ ਗਈ ਤੇ ਉਹ ਕਾਵਿ ਰਚਨਾ ਲਈ ਪ੍ਰੇਰਿਆ ਗਇਆ| ਇਸ ਕਾਵਿ-ਪ੍ਰਗਟਾ ਨਾਲ ਉਸ ਨੂੰ ਅਜਬ ਸੋਭਾ-ਨਸ਼ਾ ਆਇਆ। ਨਾਨਕ ਸਿੰਘ ਇਸ