ਪੰਨਾ:Alochana Magazine October, November, December 1966.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੱਡਾ ਭਾਗ ਕੌਡੇ ਦੇ ਹਿੱਸੇ ਆਉਣਾ ਸੀ, ਜਿਸ ਦਾ ਨਾਮ ਗੁਰੂ ਨਾਨਕ ਪਾਤਿਸ਼ਾਹ ਦੇ ਚਰਨਾਂ ਦੀ ਬਰਕਤ ਨਾਲ ਸਦਾ ਲਈ ਅਟਲ ਹੋ ਗਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਭੀਲਾਂ ਦੇ ਇਲਾਕੇ ਵਿੱਚੋਂ ਲੰਘਦੇ ਹੋਏ ਕਿਤੇ ਉਜਾੜ ਜਿਹੀ ਵਿਚ ਪਹੁੰਚੇ ਤੇ ਮਰਦਾਨਾ ਕਿਸੇ ਕਾਰਣ ਸਤਿਗੁਰੂ ਜੀ ਤੋਂ ਰਤਾ ਲਾਂਭੇ ਦੁਰੇਡਾਂ ਚਲਾ ਗਿਆ ਤਾਂ ਕੌਡੇ ਨੇ ਉਸ ਨੂੰ ਫੜ ਲਿਆ। ਮਰਦਾਨੇ ਦੇ ਕੁਝ ਚਿਰ ਨਾਂਹ ਪਹੁੰਚਣ ਉੱਤੇ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਭਾਲ ਕੀਤੀ । ਉਹ ਉਸ ਇਲਾਕੇ ਦੇ ਸਾਰੇ ਖ਼ਤਰਿਆਂ ਨੂੰ ਜਾਣਦੇ ਸਨ । ਭਾਲ ਕਰਦਿਆਂ ਸਤਿਗੁਰ ਜੀ ਨੇ ਮਰਦਾਨੇ ਨੂੰ ਕੌਡੇ ਦੇ ਕਬਜ਼ੇ ਵਿਚ ਜਾ ਲੱਭਾ । ਕੌਡਾ ਮਨੁੱਖਤਾ ਦੀ ਅੱਤ ਨੀਵੀਂ ਪਧਰ ਉਤੇ ਅੱਪੜ ਚੁਕਾ ਹੋਇਆ ਸੀ, 'ਸਾਊ ਸਮਾਜ ਦਾ ਜੇ ਕੋਈ ਭੁੱਲਿਆ ਭਟਕਿਆ ਬੰਦਾ ਉਸ ਦੇ ਭੇਟੇ ਚੜ੍ਹਦਾ ਸੀ, ਤਾਂ ਉਸ ਨੂੰ ਮਾਰ ਕੇ ਖਾਣੂ ਭੀ ਫ਼ਰਕ ਨਹੀਂ ਸੀ ਕਰਦਾ | ਪਰ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਦਾ ਜਲਾਲ ਤੱਕ ਕੇ ਉਸ ਦੇ ਦਿਲ ਦੀ ਕਠੋਰਤਾ ਦੂਰ ਹੋ ਗਈ । ਸਤਿਗੁਰੂ ਜੀ ਨੇ ਉਸ ਨੂੰ 'ਸਾਊ’ ਸਮਾਜ ਦੇ ਅਨਿਆਇ-ਭਰੇ ਸਲੂਕ ਦਾ ਮਰਦਾਂ ਵਾਂਗ ਟਾਕਰਾ ਕਰਨ ਦੇ ਰਾਹੇ ਪਾਇਆ ਤੇ ਆਦਮ-ਖੋਰੀ ਦੇ ਘੋਰ ਕੁਕਰਮ ਵੱਲੋਂ ਹਟਾਇਆ । ਕੌਡੇ ਭੀਲ ਦੀ ਸਾਖੀ ਸਿੱਖ-ਇਤਿਹਾਸ ਵਿਚ ਇਕ ਅਦੁੱਤੀ ਚਾਨਣ-ਮੁਨਾਰਾ ਹੈ । ਜੰਗਲੀ, ਪਹਾੜੀ, ਖ਼ਤਰੇ-ਭਰਿਆ ਇਲਾਕਾ; ਆਪਣੇ ਵਤਨ ਤੋਂ ਹਜ਼ਾਰਾਂ ਮੀਲਾਂ ਦੀ ਵਿੱਥ; ਓਪਰੇ ਲੋਕ; ਨਾਂਹ ਕਿਸੇ ਨਾਲ ਜਾਣ ਨਾ ਪਛਾਣ; ਆਦਮ-ਖੋਰ ਡਾਕੂਆਂ ਤੋਂ ਹਰ ਵੇਲੇ ਜਿੰਦ ਉੱਤੇ ਵਾਰ ਹੋਣ ਦੀ ਸੰਭਾਵਨਾ; ਸਾਥੀ ਦਾ ਉਹਨਾਂ ਦੇ ਕਾਬੂ ਆ ਜਾਣਾ, ਜਿਨਾਂ ਘੋਰ ਨਿਰਦਈ ਡਾਕੂਆਂ ਨੂੰ ਫੜਨ ਲਈ ਦੇਸ਼ਾਂ ਦੀਆਂ ਸਰਕਾਰਾਂ, ਪੁਲਸ ਤੇ ਫ਼ੌਜ ਦੇ ਜੱਥੇ ਭੇਜ ਕੇ ਭੀ ਸਫਲਤਾ ਦੀ ਆਸ ਨਹੀਂ ਰੱਖਦੀਆਂ, ਉਹਨਾਂ ਦੇ ਕਬਜ਼ੇ ਵਿੱਚੋਂ ਮਰਦਾਨੇ ਨੂੰ ਲੱਭਣ ਲਈ ਸੂਰਮੇ ਮਰਦ ਗੁਰੂ ਨਾਨਕ ਪਾਤਿਸ਼ਾਹ ਦਾ ਇਕੱਲੇ ਹੀ, ਬੇ-ਹਥਿਆਰੇ ਉਹਨਾਂ ਦੇ ਖ਼ਤਰਨਾਕ ਗੜ੍ਹ ਵੱਲ ਤੁਰ ਪੈਣਾ ਇਹ ਇਕ ਐਸੀ ਬੇ-ਮਿਸਾਲ ਨਿਰਭੈਤਾ ਤੇ ਸੂਰਮਤਾ ਹੈ, ਜਿਸ ਦਾ ਗੁਰੂ ਨਾਨਕ ਪਾਤਿਸ਼ਾਹ ਦੇ ਹਰੇਕ ਨਾਮ-ਲੇਵਾ ਸਿੱਖ ਨੂੰ ਸਦਾ ਫ਼ਖ਼ਰ ਹੋਣਾ ਚਾਹੀਦਾ ਹੈ । ਉਹ ਕਿਹੜਾ ਹਥਿਆਰ ਸੀ ਜਿਸ ਦਾ ਸਦਕਾ ਸਤਿਗੁਰੂ ਜੀ ਇਕ ਅੱਤ ਭਿਆਨਕ ਖ਼ਤਰੇ ਦਾ ਟਾਕਰਾ ਕਰਨ ਤਰ ਪਏ ਸਨ ? ਵੈਰ ਨੂੰ ਵੈਰ ਨਹੀਂ ਕੱਟ ਸਕਦਾ । ਨਿਰਦਇਤਾ ਨੂੰ ਨਿਰਦਇਤਾ ਨਹੀਂ ਜਿਤ ਸਕਦੀ । ਗੁਰੂ ਨਾਨਕ ਪਾਤਿਸ਼ਾਹ ਪਾਸ ਸਰਬ-ਵਿਆਪੀ ਖ਼ਾਲਿਕ ਦੀ ਯਾਦ ਅਤੇ ਉਸ ਦੀ ਖ਼ਲਕਤ ਨਾਲ ਪਿਆਰ ਤੇ ਹਮਦਰਦੀ ਦੀ ਢਾਲ ਸੀ । 13