ਪੰਨਾ:Alochana Magazine October, November, December 1966.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ, ਸ਼ਾਇਦ ਇਕ ਅਜਿਹੀ ਸ਼ਾਨ ਦੇ ਵਿਚਾਰ ਨਾਲ ਈ ਇਹ ਕਿਤਾਬ “ਅਪ੍ਰਾਪਤ, ਸੰਕੇਤ, ਨਿਰਪੇਖਤਾ, ਪ੍ਰਦਾਨ, ਪਰੰਪਰਾਵਾਦੀ, ਸੂਰਯੋਦਯ, ਤੁਲਨਾਤਮਕ, ਵਿਚਾਰਾਵਲੀ, ਪਦਾਵਲੀ, ਆਭਾਸ, ਸਾਹਿੱਤਾਥੀ, ਨਿਸ਼ਕਰਸ਼, ਰਾਗਮਯਤਾ, ਉਪਬਨ, ਘੋਸ਼ਿਤ, ਵਿਅਕਤ ਕਰਨਾ, ਪਰੰਤੂ, ਗਦ, ਪਦ, ਪ੍ਰਯਤਨ, ਯਥਾ, ਆਦਿ ਹਜ਼ਾਰਾਂ ਹੋਰ ਅਜਿਹੇ ਕਿਸੇ ਖੂਹ ਦੇ ਥੱਲਿਓਂ ਪੁੱਟ ਕੇ ਲਿਆਂਦੇ ਗਏ ਅਣ-ਜਾਣੇ ਸ਼ਬਦਾਂ ਦੇ ਨਾਲ ਕਰ ਦਿੱਤੀ ਗਈ ਹੈ, ਤੇ ਜੇ ਇਹ ਕਿਤਾਬ ਇਸ ਕਾਰਨ ਆਪਣੇ ਪਾਠਕਾਂ ਨੂੰ ਇਉਂ ਖਿਝਾਵੇ ਜਾਂ ਉਦਾਸ ਕਰੇ, ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ । ਜੇ ਪੰਜਾਬੀ ਵਿਚ ਲਿਖਣ ਵੇਲੇ ਅਸੀਂ ਪੰਜਾਬੀ ਲਿਖੀਏ, ਤਾਂ ਸਾਡਾ ਕੋਈ ਬਹੁਤ ਹਰਜ ਨਹੀਂ ਹੁੰਦਾ ਹੈ, ਭਾਵੇਂ ਇਸ ਕੰਮ ਦੇ ਲਈ ਸਾਨੂੰ ਥੋੜ੍ਹੀ ਬਹੁਤੀ ਮਿਹਨਤ ਵੀ ਕਰਨੀ ਪਵੇ, ਕਿਉਕਿ ਅਸੀਂ ਸੰਸਕ੍ਰਿਤ ਵੀ ਮਿਹਨਤ ਤੋਂ ਬਿਨਾਂ ਨਹੀਂ ਸਿੱਖੀ ਸੀ ਤੇ ਲੋਕਾਂ ਦੀ ਸਰਲ ਪੰਜਾਬੀ ਕਈ ਰੋਗ, ਪਾਪ ਜਾਂ ਕੁਲਾ ਨਹੀਂ ਹੈ, ਜਿਸ ਤੋਂ ਅਸੀਂ ਬਚਣਾ ਜਾਂ ਉਸ ਨੂੰ ਭੰਡਣਾ ਹੈ । ਲਿਖਾਈ ਦੀ ਚੰਗੀ ਬੋਲੀ ਸਾਨੂੰ ਲੋਕਾਂ ਦੇ ਬੁੱਲਾਂ ਤੋਂ ਬੋਲੇ ਹੋਏ ਸ਼ਬਦ ਦਿੰਦੀ ਹੈ । ਜੇ ਅਸੀਂ ਇਸ ਨੂੰ ਪੁਰਾਣੇ ਸਮਿਆਂ ਦੀਆਂ ਪੁਰਾਣੀਆਂ ਪੋਥੀਆਂ ਤੋਂ ਲਈਏ ਤਾਂ ਸਾਡੀ ਆਪਣੀ ਮਰਜ਼ੀ ਹੈ । ਪਰ ਇਸ ਜਤਨ ਨਾਲ ਅਸੀਂ ਆਪਣੀ ਪੀੜ੍ਹੀ ਨਾਲੋਂ ਆਮ ਕਰ ਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਨਾਲੋਂ ਖ਼ਾਸ ਕਰਕੇ ਅਜੋੜ ਹੋ ਜਾਵਾਂਗੇ । ਜੇ ਅਸੀਂ ਪੰਜਾਬੀ ਵਿਚ ਬੋਲਦੇ ਤੇ ਲਿਖਦੇ ਹਾਂ, ਤਾਂ ਕੋਈ ਕਾਰਨ ਨਹੀਂ ਹੈ ਕਿ ਸਾਨੂੰ ਸਾਧਾਰਨ ਵਿਚਾਰਾਂ ਦੇ ਲਈ ਪੰਜਾਬੀ ਸ਼ਬਦਾਂ ਦੀ ਥੁੜ ਆ ਪਵੇ । ਇਉਂ, ਸਾਡੀ ਪੰਜਾਬੀ, ਉਰਦ ਹਿੰਦੀ ਵਾਂਗ ਈਰਾਨੀ ਜਾਂ ਸੰਸਕ੍ਰਿਤ ਦੇ ਵਾਧੂ ਸ਼ਬਦਾਂ ਦਾ ਇਕ ਜੰਗਲ ਬਣ ਕੇ ਆਪਣੇ ਲੋਕਾਂ ਦੇ ਨਾਲ ਇਕ ਟਿੱਚਰ ਬਣ ਕੇ ਨਹੀਂ ਰਹਿ ਜਾਵੇਗੀ । ਬਾਵਾ ਦੀਆਂ ਰਚਨਾਵਾਂ ਵਿਚ ਉਸ ਦੀ ਦੇਸ਼ਭਗਤੀ, ਨਵੇਂ ਜੁਗ ਦੇ ਸਮਾਜਵਾਦ, ਨਿਆਂ, ਬਰਾਬਰੀ ਤੇ ਪਿਆਰ ਦੇ ਆਦਰਸ਼ ਬਾਰੇ ਉਸ ਦੀ ਸੋਝੀ ਤੇ ਕਾਵਿ-ਕਲਾ ਸਬੰਧੀ ਸਿੰਗਲ ਨੇ ਇਸ ਅਲੋਚਨਾਂ ਵਿਚ ਜਚਦਾ ਜ਼ੋਰ ਦਿੱਤਾ ਹੈ । ਅਸਲ ਵਿਚ ਬਵਾ, ਗਾਲਿਬ ਦੀ ਢਾਣੀ ਦੇ ਕਵੀਆਂ ਤੋਂ ਹਜ਼ਾਰਾਂ ਮੀਲ ਦੂਰ ਵੱਸਦਾ ਹੈ, ਜੋ ਸਿਰਫ਼ ਰੰਗਲੇ ਤੇ ਹੋਛੇ ਜੀਵਨ ਦੀ ਮੌਜ ਨੂੰ ਆਪਣਾ ਨਿਸ਼ਾਨਾ ਬਣਾ ਬੈਠਦੇ ਹਨ ਤੇ ਜਨਤਾ ਤੋਂ ਅੱਡ ਸੁਨਹਿਰੀ ਬਰਜਾਂ ਦੇ ਵਿਚ ਵੱਸਦੇ ਹਨ । ਸਿੰਗਲ ਨੇ ਬਾਵਾ ਨੂੰ ਜਨਤਾ ਤੇ ਦੇਸ਼ ਦਾ ਸੇਵਕ ਦੱਸਿਆ ਹੈ, ਜੋ ਕਿ ਨਿਕੰਮੀ ਨਿਹੰਗਤਾ ਨੂੰ ਕਿਵੇਂ ਵੀ ਝੱਲਦਾ ਨਹੀਂ ਹੈ ਤੇ ਸਿੰਗਲ ਦੀ ਇਹ ਤੱਕ ਨਿੱਗਰ ਤੇ ਠੀਕ ਹੈ। 30