ਪੰਨਾ:Alochana Magazine October 1958.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੋ: ਸੰਤ ਸਿੰਘ ਸੇਖੋ-

ਪੁਰਾਣੇ ਸਾਹਿਤ ਦਾ ਮੁੱਲ-ਅੰਕਣ

(ਲੜੀ ਜੋੜਨ ਲਈ ਵੇਖੋ ਸਤੰਬਰ ੧੯੫੮ ਦਾ ਪਰਚਾ)

ਭਾਰਤ ਵਿਚ ਹੁਣ ਤਕ ਇਸ ਕੌਮੀ ਦੁਫਾੜ ਉਤੇ ਅੱਖਾਂ ਮੀਟ ਕੇ ਇਹ ਆਖਿਆ ਜਾਂਦਾ ਹੈ ਕਿ ਇਹ ਸਭ ਕੁਝ ਸਾਮਿਅਕ ਹੈ, ਜਦੋਂ ਭਾਰਤੀ ਲੋਕਾਂ ਨੂੰ ਵਧੇਰੇ ਸੋਝੀ ਆ ਜਾਵੇਗੀ ਤਾਂ ਉਹ ਸੀਮਾ ਦੇ ਦੋਹੀਂ ਪਾਸੀਂ ਬੈਠੇ ਆਪਣੀ ਏਕਤਾ ਨੂੰ ਸਹੀ ਕਰਨਗੇ। ਇਹ ਆਸ ਯੋਗ ਹੋ ਸਕਦੀ ਹੈ, ਪਰ ਇਸ ਦੇ ਕਿਸੇ ਸਮੇਂ ਜਾ ਕੇ ਪੂਰਾ ਹੋਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਹਨਾਂ ਕਾਰਣਾਂ ਤੇ ਪਰਿਸਥਿਤੀਆਂ ਨੂੰ ਸਮਝੀਏ ਜੋ ਇਸ ਦੁਫਾੜ ਦਾ ਆਧਾਰ-ਰੂਪ ਹਨ। ਜਿਸ ਤਰ੍ਹਾਂ ਭਾਰਤੀ ਸੰਘ ਵਿਚ ਉਚ-ਜਾਤੀਆਂ ਤੇ ਅਛੂਤਾਂ ਦੀ ਇਕ ਪਾਸੇ, ਤੇ ਹਿੰਦੂਆਂ ਤੇ ਹੋਰ ਮਤੀ ਲੋਕਾਂ ਦੀ ਦੂਜੇ ਪਾਸੇ, ਪੂਰਣ ਏਕਤਾ ਓਦੋਂ ਹੀ ਸਥਾਪਿਤ ਹੋਵੇਗੀ ਜਦੋਂ ਅਸੀਂ ਆਪਣੇ ਪਿਤਰੀ-ਧਨ ਵਿਚ ਦੁਫਾੜ ਪਾਣ ਵਾਲੇ ਅੰਸ਼ਾਂ ਨੂੰ ਤਿਆਗ ਦਿਆਂਗੇ, ਪੁਰਾਣੇ ਹਿੰਦੂ ਮਤਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਹਿੰਦੂ ਤਿਆਗ ਦੇਣਗੇ ਤੇ ਇਸਲਾਮ ਤੇ ਈਸਾਈਅਤ ਦੀਆਂ ਬਹੁਤ ਗੱਲਾਂ ਨੂੰ ਭਾਰਤੀ ਮੁਸਲਮਾਨ ਤੇ ਈਸਾਈ; ਇਸੇ ਤਰ੍ਹਾਂ ਭਾਰਤੀ ਤੇ ਪਾਕਸਤਾਨੀ ਲੋਕਾਂ ਦੀ ਦੁਫਾੜ ਤੇ ਦਵੈਤ ਤਦੋਂ ਹੀ ਦੂਰ ਹੋਣਗੇ, ਜਦੋਂ ਦੋਹਾਂ ਦੀ ਪੁਰਾਣੀ ਸੰਸਕ੍ਰਿਤੀ ਵਿਚੋਂ ਦੋਹਾਂ ਨੂੰ ਵਖਰੇ ਕਰਨ ਵਾਲੇ ਅੰਸ਼ ਨਿਕਲ ਜਾਣਗੇ, ਤੇ ਜਦੋਂ ਦੋਹਾਂ ਦਾ ਇਤਿਹਾਸਕ ਅਨੁਭਵ ਕਰੀਬ ਕਰਬ ਸਾਂਝਾ ਹੋ ਜਾਵੇਗਾ, ਜਾਂ ਘਟੋ ਘਟ ਜਦੋਂ ਦੋਵੇਂ ਆਪਣੇ ਇਤਿਹਾਸ ਨੂੰ ਪੱਖਪਾਤ ਨਾਲ ਵੇਖਣ ਤੋਂ ਹਟ ਕੇ, ਇਸ ਬਾਰੇ ਸ਼ੁਧ ਵਿਗਿਆਨਕ ਦ੍ਰਿਸ਼ਟੀਕੋਣ ਅਪਣਾ ਸਕਣਗੇ: ਜਦੋਂ ਅਸੀਂ ਆਪਣੇ ਇਤਿਹਾਸ ਵਿਚ, ਅਸ਼ੋਕ, ਸਮੁਦਰਗੁਪਤ, ਹਰਸ਼, ਅਕਬਰ, ਔਰੰਗਜ਼ੇਬ, ਆਦਿ, ਬਾਰੇ ਨਿਰਪਖ ਵਿਗਿਆਨਕ ਭਾਵ ਧਾਰਨ ਕਰ ਸਕਾਂਗੇ; ਸਾਫ਼ ਸ਼ਬਦਾਂ ਵਿਚ ਜਦੋਂ ਧਾਰਮਿਕ ਸੰਪਰਦਾਈ ਫੁਟ-ਪਾਊ ਅੰਸ਼ਾਂ ਨੂੰ ਅਸਾਡੇ ਲੋਕ ਨਿਰਜੀਵ ਜੇਹੇ ਭੂਤ-ਕਾਲੀਨ ਬਖੇੜੇ ਸਮਾ ਕੇ ਇਹਨਾਂ ਨੂੰ ਮਨ-ਚਿਤ ਵਿਚੋਂ ਕਢ ਦੇਣਗੇ।

ਪਰ ਇਸ ਵਿਗਿਆਨਕ ਦ੍ਰਿਸ਼ਟੀ-ਕੋਣ ਨੂੰ ਧਾਰਨ ਕਰਕੇ ਅਸੀਂ ਆਪਣੇ ਇਤਿਹਾਸਕ ਅਨੁਭਵ ਨੂੰ ਨਿਰਜੀਵ ਨਹੀਂ ਬਣਾ ਸਕਦੇ। ਉਹ ਅਨੁਭਵ ਅਸਾਨੂੰ