ਪੰਨਾ:Alochana Magazine October 1958.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਜੀਵ ਹੀ ਰਖਣਾ ਪਵੇਗਾ। ਇਸ ਲਈ ਅਸੀਂ ਆਪਣੇ ਇਤਿਹਾਸ ਦੀਆਂ ਵਖ ਵਖ ਘਟਨਾਂ ਨੂੰ ਨਿਰਪਖ ਹੋ ਕੇ ਵਿਚਾਰਦੇ ਹੋਏ ਉਹਨਾਂ ਦਾ ਮੁੱਲ ਉਹਨਾਂ ਤੱਤਾਂ ਨੂੰ ਮੁਖ ਰਖ ਕੇ ਪਾਵਾਂਗੇ ਜੋ ਅਸਾਡੇ ਜੀਵਨ ਦਾ ਹੁਣ ਤਕ ਭਾਗ ਜਾਂ ਆਧਾਰ ਬਣੇ ਹੋਏ ਹਨ। ਅਤੇ ਉਹਨਾਂ ਵਿਚ ਵਡੇਰਾ ਤੱਤ ਇਹ ਹੋਵੇਗਾ ਜੋ ਲੋਕਵਾਦੀ, ਰਾਸ਼ਟਰ ਤੇ ਸਾਂਝ ਉਤਪੰਨ ਕਰਨ ਵਾਲਾ ਸੀ ਤੇ ਹੈ, ਦੁਫਾੜ ਪਾਣ ਵਾਲਾ, ਲੋਕ-ਵਿਰੋਧੀ ਤੇ ਰਾਸ਼ਟਰ ਦੀ ਇਕਾਗਰਤਾ ਦਾ ਘਾਤਕ ਨਹੀਂ ਸੀ।

ਇਸ ਤੋਂ ਅੱਗੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਸ ਸਾਹਿਤ ਨੇ ਉਹਨਾਂ ਸ਼ਕਤੀਆਂ ਵਲ, ਜਿਨ੍ਹਾਂ ਉਤੇ ਪਿਛਲੇ ਸਮੇਂ ਆ ਕੇ ਦੇਸ ਲਈ ਹਾਨੀ ਵਾਲੀਆਂ ਗੱਲਾਂ ਦੀ ਜ਼ਿੰਮੇਵਾਰੀ ਪਾਈ ਜਾ ਸਕਦੀ ਹੈ, ਇਸ ਦਾ ਵਤੀਰਾ ਕੀ ਸੀ।

ਬਹੁਤ ਸਮੀਖਿਅਕ ਤੇ ਰਸੀਏ ਵੀ ਸਾਹਿਤ ਦੀ ਸਮਾਜਿਕ ਜ਼ਿੰਮੇਦਾਰੀ ਨੂੰ ਸਮਝਣ ਤੋਂ ਅਸਮਰਥ ਵੇਖੇ ਜਾਂਦੇ ਹਨ। ਸਾਹਿਤ ਲਈ ਇਹ ਕਾਫੀ ਨਹੀਂ ਕਿ ਉਹ ਪਰਚਲਿਤ ਕੀਮਤਾਂ ਦੀ ਪੁਸ਼ਟੀ ਕਰੇ। ਇਸ ਤਰ੍ਹਾਂ ਕਰਦਾ ਸਾਹਿਤ ਜਾਤੀ ਦੀਆਂ ਦਲਿਤ ਸ਼੍ਰੇਣੀਆਂ ਦਾ ਬਹੁਤਾ ਕੁਝ ਨਹੀਂ ਸੰਵਾਰ ਰਹਿਆ ਹੁੰਦਾ। ਸਦਾਚਾਰ ਦਾ ਇਕ ਅਜੇਹਾ ਭਾਗ ਹੈ, ਜਿਸ ਨੂੰ ਸਮਾਜ ਨੇ ਜਾਗੀਰਦਾਰੀ ਯੁਗ ਤੋਂ ਹੀ ਪਰਵਾਨ ਕੀਤਾ ਹੋਇਆ ਹੈ, ਜਿਵੇਂ ਚੋਰੀ ਤੇ ਵਿਭਿਚਾਰ ਨੂੰ ਦੋਸ਼ ਸਮਝਣਾ। ਪਰ ਜਿਹੜਾ ਸਾਹਿਤ ਕੇਵਲ ਇਸ ਭਾਵ ਦਾ ਹੀ ਪਰਚਾਰ ਕਰਦਾ ਹੈ, ਉਸ ਨੂੰ ਅਸੀਂ ਮਹਾਨ ਨਹੀਂ ਆਖ ਸਕਦੇ। ਇਸੇ ਲਈ ਸਾਧਾਰਣ ਪਾਠਕ ਵੀ ਸਾਧਾਰਣ ਸਦਾਚਾਰ ਦੇ ਪਰਚਾਰਕ ਸਾਹਿਤ ਨੂੰ ਰੌਚਕ ਜਾਂ ਵਧੀਆ ਨਹੀਂ ਸਮਝਦਾ। ਇਸ ਤਰ੍ਹਾਂ ਸਮਝਣ ਵਿਚ ਉਹ ਚੋਰੀ ਜਾਂ ਵਿਭਿਚਾਰ ਦੀ ਨਿੰਦਾ ਦਾ ਵਿਰੋਧ ਨਹੀਂ ਕਰ ਰਹਿਆ ਹੁੰਦਾ। ਉਸ ਦੇ ਮਨ ਦੀ ਡੂੰਘਾਣ ਵਿਚ ਇਹ ਭਾਵ ਹੁੰਦਾ ਹੈ ਕਿ ਕੇਵਲ ਇਹ ਗੱਲਾਂ ਦਲਿਤ ਸ਼੍ਰੇਣੀਆਂ ਨੂੰ ਆਪਣਾ ਜੀਵਨ ਸੰਵਾਰਨ ਵਿਚ ਸਹਾਈ ਨਹੀਂ ਹੋ ਸਕਦੀਆਂ। ਇਸ ਲਈ ਉਹ ਸਾਹਿਤ ਪਾਸੋਂ ਹੋਰ ਵਧੇਰੇ ਸਾਹਸ, ਹੋਰ ਵਧੇਰੇ ਜ਼ਿੰਮੇਦਾਰੀ ਦੀ ਮੰਗ ਕਰਦਾ ਹੈ। ਅਣਜਾਣ ਪਾਠਕ ਕਈ ਵਾਰੀ ਇਸ ਸਾਹਸ ਦੀ ਮੰਗ ਕਰਦਾ ਹੋਇਆ ਰੋਮਾਂਟਿਕ ਬਣ ਜਾਂਦਾ ਹੈ, ਤੇ ਉਸ ਸਾਹਿਤ ਨੂੰ ਵੀ ਰੌਚਕ ਤੇ ਚੰਗਾ ਸਮਝਣ ਲਗ ਜਾਂਦਾ ਹੈ ਜੋ ਪਰਚਲਿਤ ਕੀਮਤਾਂ ਦਾ, ਭਾਵੇਂ ਇਹ ਸਦਾਚਾਰਕ ਹੀ ਹੋਣ, ਵਿਰੋਧ ਕਰਦਾ ਹੈ। ਪਰ ਅਸਲ ਵਿਚ ਸਾਹਿਤ ਦਾ ਸਾਹਸ ਪਰਚਲਿਤ ਸਦਾਚਾਰਕ ਕੀਮਤਾਂ ਦਾ ਵਿਰੋਧ ਕਰਨ ਵਿਚ ਨਹੀਂ, ਸਾਹਿਤ ਦਾ ਸਾਹਸ ਇਸ ਵਿਚ ਹੈ ਕਿ ਉਹ ਆਪਣੇ ਸਮੇਂ ਦੀਆਂ ਦਲਿਤ ਸ਼੍ਰੇਣੀਆਂ ਦਾ ਪੱਖੀ ਹੋਵੇ ਤੇ ਅਤਿਤਾਈ ਸ਼ਰੇਣੀਆਂ ਤੇ ਸ਼ਕਤੀਆਂ ਦਾ ਵਿਰੋਧੀ। ਸਪੱਸ਼ਟ ਸ਼ਬਦਾਂ ਵਿਚ ਸਾਹਿਤ ਦੀ ਵਡੀ ਜ਼ਿੰਮੇਦਾਰੀ ਰਾਜਸੀ ਹੈ। ਜਿਹੜਾ ਸਾਹਿਤ, ਕਿਸੇ ਬਹਾਨੇ ਵੀ ਕਿਉਂ ਨਾ ਹੋਵੇ, ਸਮੇਂ ਦੀ ਰਾਜਸੀ ਸਥਿਤੀ ਤੋਂ ਅਣਜਾਣ ਜਾਂ ਗਾਫਿਲ ਹੈ, ਉਹ ਆਪਣੀ ਸਮਾਜਕ ਜ਼ਿੰਮੇਦਾਰੀ ਨੂੰ ਨਹੀਂ ਨਿਭਾ ਰਹਿਆ ਹੁੰਦਾ।