ਪੰਨਾ:Alochana Magazine October 1959.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਕਿਰ ਪੁਰਸ਼ਾਰਥੀ―

ਹੀਰ ਰਾਂਝੇ ਦਾ ਕਿੱਸਾ ਫ਼ਾਰਸੀ ਵਿਚ

ਪੰਜਾਬ ਨੂੰ ਇਹ ਗੌਰਵ ਹੈ ਕਿ ਪੰਜਾਬ ਵਿਚ ਵਾਪਰੀਆਂ ਅਰ ਪੰਜਾਬੀ ਵਿਚ ਲਿਖੀਆਂ ਪੀਤ-ਕਹਾਣੀਆਂ ਨੂੰ ਦੂਜੀਆਂ ਜ਼ਬਾਨਾਂ ਵਿਚ ਲੋਕ-ਪ੍ਰਿਯਤਾ ਪ੍ਰਾਪਤ ਹੋਈ ਹੈ, ਉਹ ਹੋਰ ਕਿਸੇ ਸੂਬੇ ਦੀਆਂ ਪ੍ਰੀਤ-ਕਹਾਣੀਆਂ ਨੂੰ ਨਹੀਂ ਮਿਲ ਸਕੀ। ਰਾਜਸਥਾਨ ਦੀ ਢੋਲਾ-ਮਾਰੂ, ਸਿੰਧ ਦੀ ਓਮਰ-ਮਾਰਵੀ ਅਰ ਮੋਮਲ-ਰਾਣੋ, ਸਰਹੱਦ ਦੀ “ਈਸਾ ਖਾਂ-ਗੁਲਮਕਈ' ਆਦਿ ਪ੍ਰੀਤ ਕਹਾਣੀਆਂ ਆਪਣੀਆਂ ਆਪਣੀਆਂ ਸੂਬਾਈ ਜ਼ਬਾਨਾਂ ਵਿਚ ਜਾਂ ਅੱਜ ਦੇ ਦੌਰ ਵਿਚ ਉਰਦੂ ਉਲਥੇ ਦੇ ਤੌਰ ਤੇ ਤਾਂ ਭਾਵੇਂ ਲਿਖੀਆਂ ਗਈਆਂ ਨੇ, ਪਰ ਹਿੰਦੀ ਜਾਂ ਫ਼ਾਰਸੀ-ਅਰਬੀ ਵਿਚ ਉਨ੍ਹਾਂ ਦੇ ਅਧਾਰ ਤੇ ਬਾਕਾਇਦਾ ਗ੍ਰੰਥ ਨਹੀਂ ਲਿਖੇ ਗਏ। ਪੰਜਾਬ ਦੇ ਪ੍ਰੇਮ-ਪ੍ਰਧਾਨ ਕਿੱਸਿਆਂ ਨੇ ਜਿਥੇ ਸਾਡੀ ਮੁਲਕੀ ਸ਼ਾਇਰੀ ਨੂੰ ਬਹੁਤ ਪ੍ਰੇਰਣਾ ਦਿਤੀ ਹੈ; ਓਥੇ ਉਨ੍ਹਾਂ ਦੇ ਪ੍ਰਤੀਕ ਅਰ ਸੰਕੇਤਮਕ ਪ੍ਰਯੋਗਾਂ ਦਵਾਰਾ ਕਵੀ ਨੂੰ ਨਵੀਂ ਦਿਸ਼ਾ ਵੀ ਸਦਾ ਤੋਂ ਮਿਲਦੀ ਰਹੀ ਹੈ ਪੰਜਾਬ ਦੇ ਲੋਕ ਜਿਥੇ ਜਿਥੇ ਵੀ ਗਏ, ਉਨ੍ਹਾਂ ਪ੍ਰੀਤ-ਕਿੱਸਿਆਂ ਦੇ ਆਪਣੇ ਵਿਰਸੇ ਨੂੰ ਵੀ ਨਾਲ ਲੈਂਦੇ ਗਏ, ਅਤੇ ਆਪਣੀ ਜਾਦੂਗਰੀ ਨਾਲ ਪੰਜਾਬ ਦੇ ਇਨ੍ਹਾਂ ਰੂਮਾਨਾਂ ਨੂੰ ਸਭਨਾਂ ਦਾ ਰੂਮਾਨ ਬਣਾ ਦਿਤਾ। ਇਨਾ ਕਿੱਸਿਆਂ ਦੀ ਪ੍ਰਭਾਵਸ਼ਾਲੀ ਤਾਸੀਰ ਦਾ ਏਤਰਾਫ਼ ਕਰਦਿਆਂ ਹੀ ਉਰਦੂ ਦੇ ਮਸ਼ਹੂਰ ਸ਼ਾਇਰ “ਇਨਸ਼ਾ’ ਨੇ ਆਖਿਆ ਸੀ:―

ਸੁਨਾਇਆ ਰਾਤ ਕੋ ਕਿੱਸਾ ਜੋ ਹੀਰ ਰਾਂਝੇ ਕਾ,
ਤੋ ਅਹਿਲੇ ਦਰਦ ਕੋ ਪੰਜਾਬੀਓ ਨੇ ਲੁਟ ਲਿਯਾ।

ਹੀਰ ਦੇ ਕਿੱਸੇ ਦੀ ਤਾਸੀਰ ਜਦੋਂ ਪੰਜਾਬ ਤੋਂ ਬਾਹਰ ਦੇ ਇਲਾਕੇ ਵਿਚ ਇਤਨਾ ਜਾਦੂ ਜਗਾ ਸਕਦੀ ਹੈ ਤਾਂ ਉਸ ਦੇ ਆਪਣੇ ਦੇਸ ਦੇ ਵਸਨੀਕਾਂ ਉਤੇ ਇਸ ਦਾ ਕਿਤਨਾ ਕੁ ਅਸਰ ਹੋਵੇਗਾ। ਇਸੇ ਪ੍ਰਭਾਵ ਅਰ ਰਸ ਦਾ ਜ਼ਿਕਰ ਕਰਦੇ ਹੋਏ ਉਰਦੂ ਦੇ ਇਕ ਸ਼ਾਇਰ ਨੇ ਤਸਲੀਮ ਕੀਤਾ ਹੈ ਕਿ―

ਵੋਹ ਜਿਨ੍ਹੇਂ ਕੁਛ ਹੀਰ ਕਾ ਕਿੱਸਾ ਜ਼ਬਾਨੀ ਯਾਦ ਹੈ
ਓਨ ਕੀ ਪੁਰ-ਤਾਸੀਰਾਤਾਨੋਂ ਸੇ ਫ਼ਿਜ਼ਾ ਆਬਾਦ ਹੈ।