ਪੰਨਾ:Alochana Magazine October 1959.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬ ਦੇ ਮਸ਼ਹੂਰ ਕਿੱਸਿਆਂ 'ਚੋਂ ਹੀਰ-ਰਾਝੇ ਦਾ ਕਿੱਸਾ ਹੀ ਸਭ ਤੋਂ ਵੱਧ ਮਸ਼ਹੂਰ ਹੋਇਆ। ਪੰਜਾਬ ਤਾਂ ਖ਼ੈਰ, ਇਸ ਦਾ ਅਸਲੀ ਵਤਨ ਹੈ ਇਸ ਲਈ ਪੰਜਾਬ ਵਿਚ ਨਿੱਤ-ਨਵੀਂ ਸ਼ੈਲੀ, ਨਵੇਂ ਢੰਗਾਂ ਨਾਲ ਇਸ ਦਾ ਪ੍ਰਵਾਨ ਚੜ੍ਹਨਾ ਕੁਦਰਤੀ ਗੱਲ ਹੈ। ਪੰਜਾਬ ਦੇ ਨਾਲ ਲਗਵੇਂ ਦੂਜੇ ਇਲਾਕਿਆਂ ਵਿਚ ਵੀ ਹੀਰ ਰਾਂਝੇ ਦੇ ਕਿੱਸੇ ਨੂੰ ਲਿਖ ਕੇ ਆਪਣੇ ਨਾਉਂ ਨੂੰ ਅਮਰ ਕੀਤਾ ਹੈ ਤੇ ਆਪਣੀ ਸ਼ਾਇਰੀ ਦੇ ਜੌਹਰ ਵਿਖਾਏ ਹਨ।

ਪੰਜਾਬੀ ਤੋਂ ਛੁਟ ‘ਬਲੋਚੀ ਵਿਚ ਤਾਂ ਹੀਰ ਦਾ ਕਿੱਸਾ ਇਕ ਸਾਧਾਰਣ ਜਿਹੀ ਪ੍ਰਚਲਿਤ ਲੋਕ-ਕਥਾ ਦੇ ਰੂਪ ਵਿਚ ਮਿਲਦਾ ਹੈ; ਪਰ ਸਿੰਧ ਦਾ ਦੇਸ ਜਿਥੇ ਹੋਰ ਬਹੁਤ ਸਾਰੀਆਂ ਗੱਲਾਂ ਵਿਚ ਪੰਜਾਬ (ਖਾਸ ਤੌਰ ਤੇ ਪਛਮੀ ਪੰਜਾਬ) ਨਾਲ ਸਾਂਝ ਰਖਦਾ ਹੈ; ਉਥੇ ਕਿੱਸੇ-ਕਹਾਣੀਆਂ ਦੇ ਮੁਆਮਲੇ ਵਿਚ ਉਨ੍ਹਾਂ ਦੋਹਾਂ ਸੂਬਿਆਂ ਵਿਚ ਵਧੇਰੇ ਸਾਂਝ ਹੈ। ਜਿਸ ਦਾ ਸਿੱਟਾ ਹੈ ਕਿ ਸੋਹਣੀ-ਮਹੀਂਵਾਲ, ਅਰ ਸੱਸੀ-ਪੁਨੂੰ ਆਦਿ ਕਿੱਸੇ, ਸਿੰਧ ਅਰ ਪੰਜਾਬ ਦਾ ਸਾਂਝਾ ਵਿਰਸਾ ਹਨ। ਖਾਲਿਸ ਸਿੰਧੀ ਸ਼ਾਇਰ ਸ਼ਰਲ-ਸਰਮਸਤ ਆਦੀ ਨੇ ਇਨਾਂ ਕਿੱਸਿਆਂ ਦਾ ਜ਼ਿਕਰ ਆਮ ਕੀਤਾ ਹੈ ਅਤੇ ਆਪਣੀਆਂ ਕਾਫ਼ੀਆਂ ਵਿਚ (ਬੁਲ੍ਹੇ ਸ਼ਾਹ ਤੇ ਗੁਲਾਮ ਫਰੀਦ ਵਾਕੁਰ) ਇਨ੍ਹਾਂ ਕਿੱਸਿਆਂ ਦੇ ਪਾਤਰਾਂ ਨੂੰ ਪ੍ਰਤੀਕ ਰੂਪ ਵਿਚ ਵਰਤਿਆ ਹੈ। ਇਕ ਕਵੀ ਹਾਜੀ ਅਹਮਦ ਬਖ਼ਸ਼ ਖ਼ਾਦਿਮ ਨੇ ਸਿੰਧੀ ਵਿਚ ਹੀਰ ਦਾ ਇਕ 'ਨੁਮਾਇਸ਼ ਨਾਮਾ' ਲਿਖਿਆ ਹੈ ਅਤੇ ਸੱਯਦ ਹੈਦਰ ਸ਼ਾਹ ਤੇ ਫ਼ਕੀਰ ਗੁਲਾਮ ਨੇ ਪੂਰੀ ਕਹਾਣੀ ਨੂੰ ਸਿੰਧੀ ਨਜ਼ਮ ਵਿਚ ਲਿਖਿਆ ਹੈ। ਖਲੀਫਾ ਨਬੀ ਬਖ਼ਸ਼ ਨੇ ਹੀਰ ਰਾਂਝੇ ਦੀ ਪ੍ਰੇਮ-ਕਥਾ ਦੇ ਆਧਾਰ ਤੇ ਇਕ ਸੀ-ਹਰਫ਼ੀ ਸਿੰਧੀ ਵਿਚ ਨਜ਼ਮ ਕੀਤੀ ਹੈ।

ਪੰਜਾਬੀ ਕਿਸੇ ਹੋਰ ਜ਼ਬਾਨਾਂ ਵਿਚ ਜੇ ਲਿਖੇ ਗਏ ਹਨ; ਉਨ੍ਹਾਂ ਦਾ ਆਲੋਚਨਾਤਮਕ ਅਧਿਐਨ ਪੰਜਾਬੀ ਵਿਚ: ਜੋਗਿੰਦਰ ਸਿੰਘ ਨੇ ਪੰਜਾਬੀ ਦੁਨੀਆਂ ਦੇ ਕਿੱਸਾ ਕਾਵਿ ਅੰਕ ਵਿਚ ਛਪੇ ਆਪਣੇ ਇਕ ਲੇਖ ਵਿਚ ਕੀਤਾ ਹੈ। ਡਾ. ਮੋਹਨ ਸਿੰਘ ਦੀਵਾਨਾ ਨੇ ਵੀ ਹੀਰ ਵਾਰਸ ਦੀ ਭੂਮਿਕਾ ਵਿਚ ਫ਼ਾਰਸੀ ਵਿਚ ਲਿਖੇ ਗਏ ਹੀਰ ਦੇ ਕਿੱਸਿਆਂ ਦਾ ਜ਼ਿਕਰ ਕੀਤਾ ਹੈ। ਹੁਣੇ ਹੀ ਪ੍ਰੋ: ਪਿਆਰਾ ਸਿੰਘ ਪਦਮ ਨੇ ਵੀ 'ਹੀਰ ਰਾਂਝਾ' ਦੀ ਪ੍ਰੇਮ ਕਥਾ ਨੂੰ ਲੈ ਕੇ ਇਸ ਤੇ ਆਧਾਰਿਤ ਹਿੰਦੀ ਸਾਹਿਤ ਦਾ ਵਿਸ਼ੇਸ਼ ਤੌਰ ਤੇ ਅਧਿਐਨ ਪੇਸ਼ ਕਰਦਿਆਂ ਆਪਣੇ ਲੇਖ ਦੇ ਆਰੰਭ ਵਿਚ ਪੰਜਾਬੀ ਅਰ ਫ਼ਾਰਸੀ ਹੀਰਾਂ ਦੀ ਸੂਚੀ ਦਿੱਤੀ ਹੈ। ਪਦਮ ਹੋਰਾਂ ਦੇ ਇਹ ਦੋਵੇਂ ਲੇਖ ਜਾਗ੍ਰਤੀ (ਹਿੰਦੀ) ਅਰ ਸਪਤ-ਸਿੰਧੂ (ਹਿੰਦੀ) ਵਿਚ ਛਪੇ ਹਨ। ਇਸ ਸਮੇਂ ਇਹ ਲੇਖ ਲਿਖਦਿਆਂ ਇਹ ਤਿੰਨ ਲੇਖ ਮੇਰੇ ਸਾਹਮਣੇ ਹਨ। ਇਸ ਲੇਖ ਵਿਚ ਮੈਂ ਇਨ੍ਹਾਂ ਲੇਖਾਂ ਵਿਚ ਦਿਤੀ ਫ਼ਾਰਸੀ ਹੀਰਾਂ ਦੀ ਸੂਚੀ ਤੋਂ ਵਖਰੀਆਂ ਫ਼ਾਰਸੀ ਮਸਨਵੀਆਂ ਦੀ ਆਲੋਚਨਾ ਕਰਾਂਗਾ। ਇਥੇ ਇਹ ਵੀ ਦੱਸਣਾ ਗੈਰ-ਜ਼ਰੂਰੀ ਨਹੀਂ ਸਮਝਦਾ ਕਿ