ਪੰਨਾ:ਬੁਝਦਾ ਦੀਵਾ.pdf/20

ਵਿਕੀਸਰੋਤ ਤੋਂ
(ਪੰਨਾ:Bujhda diwa.pdf/20 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਮੰਜੇ ਤੇ ਆ ਕੇ ਲੰਮਾ ਪੈ ਗਿਆ ?"

ਏਨਾ ਆਖ ਕੇ ਉਹ ਚੁੱਪ ਕਰ ਗਿਆ । ਓਸ ਦੇ ਚਿਹਰੇ ਤੋਂ ਐਉਂ ਜਾਪਦਾ ਸੀ ਕਿ ਉਸ ਨੂੰ ਆਪ ਬੀਤੀ ਦੱਸਣ ਵਿਚ ਬੜਾ ਕਸ਼ਟ ਹੋ ਰਿਹਾ ਹੈ ।

ਮੈਂ ਓਸ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਪੁਛਿਆ-"ਮੇਰੇ ਮਿਤ੍ਰ! ਓਹ ਕਿਹੜਾ ਹੈਂਸਿਆਰਾ ਸਰਦਾਰ ਏ, ਜਿਸ ਦੀ ਪੱਥਰ ਦਿਲੀ ਨੇ ਤੇਨੂੰ ਦੂਜੀ ਨੌਕਰੀ ਤੋਂ ਜਵਾਬ ਦਿਵਾ ਦਿੱਤਾ ?"

ਉਸ ਨੇ ਇਕ ਠੰਡਾ ਸਾਹ ਲੈ ਕੇ ਆਖਣਾ ਸ਼ੁਰੂ ਕੀਤਾ-"ਉਸ ਸਰਦਾਰ ਪਾਸ ਸੱਤ ਅੱਠ ਆਦਮੀ ਕੰਮ ਕਰਦੇ ਸਨ, ਜਿਨਾਂ ਦਾ ਇਨਚਾਰਜ ਕਿ ਮੈਂ ਸਾਂ । ਮੈਨੂੰ ਜਦੋਂ ਵੀ ਦੋ ਚਾਰ ਰੁਪਇਆਂ ਦੀ ਲੋੜ ਪੈਂਦੀ, ਤਾਂ ਮੈਂ ਮਾਲਕ ਪਾਸੋਂ ਲੈ ਕੇ ਕੰਮ ਸਾਰ ਲੈਂਦਾ। ਬਾਕੀ ਨੌਕਰਾਂ ਨੂੰ ਅਕਸਰ ਖਿਝਾ ਪਿਟਾ ਕੇ ਤਨਖ਼ਾਹ ਮਿਲਦੀ ਸੀ।

ਇਕ ਦਿਨ ਓਹਨਾਂ ਸਾਰੇ ਆਦਮੀਆਂ ਨੇ ਮੈਨੂੰ ਆਖਿਆ -“ਤੁਸੀ ਤਾਂ ਮਾਲਕ ਪਾਸੋਂ ਵੇਲੇ ਕੁਵੇਲੇ ਰੁਪਏ ਲੈ ਕੇ ਆਪਣਾ ਕੰਮ ਸਾਰੇ ਲੈਂਦੇ ਹੋ, ਪਰ ਸਾਨੂੰ ਰੁਆ ਪਿਟਾ ਕੇ ਤਨਖ਼ਾਹ ਦਿਤੀ ਜਾਂਦੀ ਹੈ। ਜੇ ਤੁਸੀਂ ਸਾਡੀ ਸਹਾਇਤਾ ਕਰੋ, ਤਾਂ ਅਸੀਂ ਉਹਨਾਂ ਕੋਲੋਂ ਵੇਲੇ ਸਿਰ ਤਨਖ਼ਾਹ ਲੈਣ ਦੀ ਮੰਗ ਕਰੀਏ ।"

ਮੈਂ ਉਹਨਾਂ ਦੀ ਸਲਾਹ ਮੰਨ ਲਈ।

ਦੂਜੇ ਦਿਨ ਕਿਸੇ ਤਿਓਹਾਰ ਦੀ ਛੁੱਟੀ ਸੀ, ਪਰ ਜ਼ਰੂਰੀ ਕੰਮ ਹੋਣ ਕਰ ਕੇ ਓਸ ਦਿਨ ਵੀ ਕੰਮ ਕਰਨਾ ਸੀ ।

ਜਦ ਅਸੀਂ ਕੰਮ ਦੀ ਸਮਾਪਤੀ ਕਰਨ ਹੀ ਲਗੇ, ਤਾਂ ਮਾਲਕ ਨੇ ਆ ਕੇ ਆਖਿਆ-"ਕਰਮ ਸਿੰਘ, ਬੇਸ਼ਕ ਕਲ ਛੁੱਟੀ ਹੈ, ਪਰ ਤੈਨੂੰ ਪਤਾ ਹੈ ਕਿ ਫਲਾਣਾ ਕੰਮ ਕਲ ਜ਼ਰੂਰ ਹੋਣਾ ਚਾਹੀਦਾ ਹੈ।"

ਮੈਂ ਮਾਲਕ ਨੂੰ ਹੱਛਾ ਜੀ, ਆਖ ਕੇ ਕੰਮ ਕਰਦਾ ਰਿਹਾ।

ਕਾਨਿਆਂ ਦੀ ਝੁਗੀ

੨੦