ਪੰਨਾ:ਦਲੇਰ ਕੌਰ.pdf/48

ਵਿਕੀਸਰੋਤ ਤੋਂ
(ਪੰਨਾ:Daler kaur.pdf/48 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੪੬)

ਆਪ ਲੋਹੇ ਵਾਂਗ ਸਿੱਖੀ ਦੇ ਚਮਕ ਪੱਥਰ ਵਲ ਖਿੱਚ ਚਲੇ ਆਉਣਗੇ।"

ਭਾਈ ਜੀ ਦੀ ਦਰਦਨਾਕ ਵਾਰਤਾ ਨੇ ਸੁਣਨ ਵਾਲੇ ਪ੍ਰੇਮੀਆਂ ਦੇ ਦਿਲਾਂ ਵਿਚ ਇਕ ਡੂੰਘਾ ਅਸਰ ਪੈਦਾ ਕਰ ਦਿੱਤਾ, ਹੁਣ ਇਕ ਸਿੰਘ ਭਾਈ ਦੁਸ਼ਟ ਦਮਨ ਸਿੰਘ ਜੀ ਨੂੰ ਆਪਣੀ ਜੀਵਣ ਕਥਾ ਸੁਨਾਉਣ ਲਈ ਆਖਣ ਹੀ ਲਗਾ ਸੀ ਕਿ ਇਨ੍ਹਾਂ ਨੂੰ ਕੋਈ ਸੌ ਕੁ ਕਦਮ ਦੀ ਵਿਥ ਪਰ ਚਾਨਣ ਜਿਹਾ ਨਜ਼ਰ ਆਯਾ, ਨੀਝ ਲਾ ਕੇ ਵੇਖਣ ਪੁਰ ਟਟਹਿਣੇ ਵਰਗੇ ਕੁਝ ਚਾਨਣ ਹਿਲਦੇ ਜੁਲਦੇ ਦਿੱਸੇ। ਇਹ ਬਹਾਦਰ ਅਜਿਹੀਆਂ ਕਈ ਘਟਨਾਵਾਂ ਦੇਖ ਚੁੱਕੇ ਸਨ, ਝਟ ਪਟ ਤਿਆਰ ਹੋ ਪਏ, ਮਸਾਲ ਜਗਾ ਲਈ ਅਤੇ ਘੋੜਿਆਂ ਪਰ ਸਵਾਰ ਹੋਕੇ ਓਸੇ ਪਾਸੇ ਨੂੰ ਤੁਰ ਪਏ। ਮਸਾਲ ਬੁਝਾ ਦਿੱਤੀ ਕਿ ਮਤਾਂ ਓਹ ਲੋਕ ਚਾਨਣ ਵੇਖਕੇ ਖਿਸਕ ਨਾ ਜਾਣ। ਅਪੂਰਵ ਅੰਧਕਾਰ ਵਿਚ ਠੋਕਰਾਂ ਖਾਂਦੇ ਹੋਏ ਭਾਰਤ ਦੁਲਾਰੇ ਬੜੀ ਕਠਨਾਈ ਨਾਲ ਓਸ ਥਾਂ ਪਹੁੰਚੇ। ਕੀ ਦੇਖਦੇ ਹਨ ਕਿ ਚਾਰ ਤੁਰਕ ਸਿਪਾਹੀ ਮਸਾਲਾਂ ਲਈ ਇਕ ਲੋਥ ਦੇ ਦੁਆਲੇ ਬੈਠੇ ਹਨ, ਘੋੜਿਆਂ ਦੇ ਅਤਿ ਨੇੜੇ ਪਹੁੰਚ ਜਾਣ ਕਰਕੇ ਓਨ੍ਹਾਂ ਸਿਪਾਹੀਆਂ ਨੇ ਵੀ ਜੋ ਕਿਸੇ ਸੋਚ-ਸਾਗਰ ਵਿਚ ਡੁੱਬੇ ਜਾਪਦੇ ਸਨ, ਇਨ੍ਹਾ ਨੂੰ ਦੇਖ ਲਿਆ, ਦੇਖਿਆ ਕੀ ਮਾਨੋਂ ਕਾਲ ਸਿਰ ਤੇ ਆ ਗਿਆ ਸਮਝ ਲਿਆ, ਡਰ ਨਾਲ ਚਾਰੇ ਸਿਪਾਹੀ ਥਰ ਥਰ ਕੰਬਣ ਲੱਗ ਪਏ, ਪਰ ਜਾਨ ਬੜੀ ਪਯਾਰੀ ਚੀਜ਼ ਹੈ, 'ਜਦ ਤਕ ਸਾਸ, ਤਦ ਤਕ ਆਸ'