ਪੰਨਾ:ਦਲੇਰ ਕੌਰ.pdf/60

ਵਿਕੀਸਰੋਤ ਤੋਂ
(ਪੰਨਾ:Daler kaur.pdf/60 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੮ )

ਆਪਣੇ ਮੋਢੇ ਦੇ ਘਾਉ ਵਿੱਚੋਂ ਫਰਨ ਫਰਨ ਲਹੂ ਵਗ ਰਿਹਾ ਹੈ, ਓਸਨੇ ਆਪਣਾ ਸਾਫ਼ਾ ਲਾਹ ਕੇ ਜਿਸ ਤਰ੍ਹਾਂ ਹੋ ਸੱਕਿਆ ਮੋਢੇ ਦੇ ਜ਼ਖਮ ਨੂੰ ਘੁੱਟ ਕੇ ਬੱਧਾ ਅਤੇ ਜ਼ੈਨਬ ਨੂੰ ਚੁੱਕ ਕੇ ਨਾਲ ਲੈ ਜਾਣ ਦਾ ਹੀਆ ਕੀਤਾ, ਪਰ ਜਦ ਚੁੱਕਣ ਲੱਗਾ ਤਾਂ ਪਤਾ ਲੱਗਾ ਕਿ ਖੱਬੀ ਬਾਂਹ ਕੰਮ ਨਹੀਂ ਕਰ ਸੱਕਦੀ। ਹੈਰਾਨ ਹੋਕੇ ਬਹਾਦਰ ਸਿੰਘ ਓਥੇ ਹੀ ਬੈਠ ਗਿਆ, ਕੁਝ ਚਿਰ ਪਿੱਛੋਂ ਘੋੜੇ ਦੀਆਂ ਟਾਪਾਂ ਦੀ ਅਵਾਜ਼ ਆਈ। ਬਹਾਦਰ ਸਿੰਘ ਨੇ ਸੋਚਿਆ ਕਿ ਸ਼ੈਦ ਨਾਦਰ ਆਪਣੀ ਸਹਾਇਤਾ ਲੈਕੇ ਆ ਪਹੁੰਚਾ, ਇਸ ਲਈ ਓਹ ਇੱਕ ਬ੍ਰਿਛ ਦੇ ਓਹਲੇ ਹੋ ਗਿਆ, ਪਰ ਜਦ ਘੋੜਾ ਨੇੜੇ ਆਯਾ ਅਤੇ ਓਸਨੇ ਸਵਾਰ ਨੂੰ ਪਛਾਤਾ ਤਾਂ ਅਤਿ ਪ੍ਰਸੰਨਤਾ ਨਾਲ ਬਾਹਰ ਨਿਕਲਕੇ 'ਵਾਹਿਗੁਰੂ ਜੀ ਕੀ ਫਤਹਿ' ਗਜਾਈ। ਪਾਠਕ ਜੀ! ਇਹ ਸਵਾਰ ਦੁਖ ਭੰਜਨ ਸਿੰਘ ਸੀ।

ਦੁਖ ਭੰਜਨ ਸਿੰਘ-(ਮੋਢਾ ਬੱਧਾ ਹੋਇਆ ਵੇਖ ਕੇ ਅਤੇ ਹੈਰਾਨ ਹੋ ਕੇ) ਤੁਸੀਂ ਤਾਂ ਦਲੇਰ ਕੌਰ ਵਾਸਤੇ ਹਕੀਮ ਲੱਭਣ ਆਏ ਸੀ, ਇਹ ਕੀ ਗੱਲ ਹੋਈ?

ਬਹਾਦਰ ਸਿੰਘ-ਏਥੇ ਇੱਕ ਘਟਨਾ ਹੋ ਗਈ, ਡੇਰੇ ਚੱਲਕੇ ਸਭ ਕੁਝ ਦੱਸਾਂਗੇ, ਆਹ ਵੇਖੋ:-

ਬਹਾਦਰ ਸਿੰਘ ਨੇ ਮਸਾਲ ਨਾਲ ਪਠਾਨ ਦੀ ਲੋਥ ਤੇ ਬੇਹੋਸ਼ ਜ਼ੈਨਬ ਦਿਖਾਈ ਅਤੇ ਕਿਹਾ ਕਿ "ਤੁਸੀ ਏਸ ਬੇਹੋਸ਼ ਇਸਤ੍ਰੀ ਨੂੰ ਆਪਣੇ ਨਾਲ ਘੋੜੇ ਤੇ ਬਿਠਾ ਲਓ ਅਤੇ ਡੇਰੇ ਨੂੰ ਚੱਲੋ, ਮੈਂ ਤੁਹਾਡੇ ਮਗਰ ਮਗਰ ਪੈਦਲ ਆਉਂਦਾ ਹਾਂ।"