ਪੰਨਾ:ਦਲੇਰ ਕੌਰ.pdf/9

ਵਿਕੀਸਰੋਤ ਤੋਂ
(ਪੰਨਾ:Daler kaur.pdf/9 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੭)

ਵਿਚ ਕੋਈ ਸ਼ੱਕ ਨਹੀਂ ਕਿ ਓਹ ਦਲੇਰ ਕੌਰ ਨੂੰ ਦੇਖਕੇ ਬੜੇ ਹੀ ਅਸਚਰਜ ਹੋਏ, ਇਕ ਦੋ ਪਲ ਹੈਰਾਨੀ ਦੇ ਸਮੁੰਦਰ ਵਿਚ ਗੋਤੇ ਖਾ ਕੇ ਅੰਤ ਉਨ੍ਹਾਂ ਨੇ ਨਿਸਚਾ ਕੀਤਾ ਕਿ ਸੱਚ ਮੁਚ ਏਹ ਦਲੇਰ ਕੌਰ ਹੀ ਹੈ।
ਪਹਿਲਾ-ਅਸ਼ਕੇ ਬਈ! ਮੁਹੰਮਦ ਦੀਨ ਤਾਂ ਸੱਚਾ ਹੀ ਨਿਕਲਿਆ, ਏਹ ਕੈਦੋਂ ਛੁਟਕੇ ਆਈ ਕਿਸ ਤਰਾਂ?
ਦੂਜਾ-ਕੈਦੋਂ ਨਿਕਲ ਵੀ ਗਈ, ਏਥੇ ਆ ਵੀ ਪਹੁੰਚੀ, ਲੜਾਈ ਵਿਚ ਲੜੀ ਵੀ, ਇਕ ਦੋ ਸਾਡੀ ਵੱਲ ਦੇ ਮਾਰੇ ਹੋਣਗੇ, ਹੁਣ ਜ਼ਖਮੀ ਹੋਕੇ ਫੇਰ ਸਾਡੇ ਕਬਜ਼ੇ ਵਿੱਚ ਆ ਵੀ ਗਈ।
ਤੀਜਾ-ਓਹ ਵੀ ਤਾਂ ਅਸੀਂ ਸਹਿਸੁਭਾਉ ਏਧਰੋਂ ਲੰਘ ਰਹੇ ਸਾਂ ਤੇ ਲੋਥਾਂ ਵੇਖਕੇ ਭਾਲ ਕਰਨ ਲੱਗ ਪਏ ਕਿ ਸ਼ੈਦ ਬਹਾਦਰ ਸਿੰਘ ਕਿਤੇ ਮੋਇਆ ਜੀਊਂਦਾ ਲੱਭ ਪਵੇ, ਪਰ ਏਥੇ ਤਾਂ ਕੋਈ ਹੋਰ ਹੀ ਗੱਲ ਨਿਕਲ ਪਈ।
ਚੌਥਾ—ਬਈ ਏਹ ਦਲੇਰ ਕੌਰ ਵੀ ਬੜੀ ਬਲਾ ਹੈ, ਏਸ ਦੇ ਵਾਸਤੇ ਵੇਖੋ ਸਾਨੂੰ ਕਿੰਨੇ ਦੁੱਖ ਭੋਗਣੇ ਪੈਂਦੇ ਹਨ। ਮੇਰਾ ਤਾਂ ਜੀ ਕਰਦਾ ਹੈ ਕਿ ਤਲਵਾਰ ਮਾਰਕੇ ਕਜੀਆ ਪਾਰ ਹੀ ਕਰ ਦਿਆਂ।
ਪਹਿਲਾ-ਖ਼ਬਰਦਾਰ! ਮੁੜਕੇ ਅਜਿਹੇ ਲਫਜ਼ ਮੂੰਹੋਂ ਨਾਂ ਕੱਢੀਂ, ਏਥੇ ਤਾਂ ਭਲਾ ਸਾਰੇ ਆਪਣੇ ਹੀ ਹਨ, ਨਹੀਂ ਤਾਂ ਜੇ ਕਿਤੇ ਨਵਾਬ ਇੱਜ਼ਤਬੇਗ ਸੁਣ ਜਾਵੇ ਤਾਂ ਬੋਟੀ ਬੋਟੀ ਕਰਵਾ ਦੇਵੇ।
ਦੂਜਾ—ਹਾਂ, ਠੀਕ ਹੀ ਤਾਂ ਹੈ, ਪਰ ਬਈ ਨਵਾਬ ਵੀ ਮਾੜੀ ਥਾਂ ਨਹੀਂ ਡਿੱਗਾ। ਦੇਖ ਤਾਂ ਸਹੀ, ਕਿਆ ਹੁਸਨ ਹੈ।