ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/119

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/119 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ



ਪਤਾ ਨਹੀਂ ਕੀ ਹੋ ਗਿਆ, ਅੱਖਾਂ ਭਰ ਆਈਆਂ, ਹੱਥਾਂ ਦੀ ਤਾਕਤ ਘਟ ਗਈ, ਫ਼ੋਟੋ ਮੰਜੀ ਤੇ ਡਿਗ ਪਈ .... ... ... ਤੁਹਾਡੀ ਯਾਦ ਦਾ ਤੁਫ਼ਾਨ ਆ ਗਿਆ । ਮੇਰੇ ਹੰਝੂ ਵਗ ਤੁਰੇ। ਰੋਕਣ ਤੇ ਨਾ ਰੁਕੇ, ਤੇ ਆਖ਼ਿਰ ਮੈਂ ਰੋਂਦੀ ਹੀ ਸੌਂ ਗਈ।

ਹਾਂ ... ... ਸੱਚ ਦੱਸੋ, ਬਿਲਕੁਲ ਰਾਜ਼ੀ ਹੋ ? ਕਿਹੋ ਜਿਹਾ ਸ਼ਹਿਰ ਹੈ ਕਲਕੱਤਾ ? ਜੀ ਲਗ ਗਿਆ ਹੈ ? ਕੋਈ ਖ਼ਾਸ ਤਕਲੀਫ਼ ਤੇ ਨਹੀਂ ? ਕਿਸੇ ਖ਼ਾਸ ਚੀਜ਼ ਦੀ ਲੋੜ ਤੇ ਨਹੀਂ ? ਗੁਆਂਢੀ ਤੇ ਪਿਆਰ ਵਾਲੇ ਨੇ ? ਕਿੰਨੇ ਵਜੇ ਦਫ਼ਤਰ ਜਾਂਦੇ ਹੋ ? ਕਿਸ ਵੇਲੇ ਵਾਪਸ ਆਉਂਦੇ ਹੋ ? ਕੋਈ ਚੰਗਾ ਨੌਕਰ ਮਿਲ ਗਿਆ ਹੈ ਕਿ ਅਜੇ ਤਕ ਹੋਟਲ 'ਚ ਹੀ ਰੋਟੀ ਖਾਈ ਜਾਂਦੇ ਹੋ ?

ਦੇਵਿੰਦਰ ਜੀ, ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰਖਣਾ। ਸੁਣਿਆਂ ਸੀ ਕਲਕੱਤੇ ਬੜਾ ਮਲੇਰੀਆ ਹੁੰਦਾ ਹੈ। ਦੂਜੇ ਚੌਥੇ ਦਿਨ ਕੁਨੀਨ ਦੀਆਂ ਗੋਲੀਆਂ ਖਾ ਲਿਆ ਕਰਨੀਆਂ। ਮੈਂ ਤੇ ਹੁਣ ਦਿਨ ਗਿਣਦੀ ਹਾਂ, ਕਦੋਂ ਕ੍ਰਿਸਮਸ ਦੀਆਂ ਛੁੱਟੀਆਂ ਹੋਣ ਤੇ ਕਦੋਂ ਤੁਸੀਂ ਮੇਰੇ ਕੋਲ ਆਉ। ਚੰਗਾ, ਖ਼ੁਸ਼ੀ ਖ਼ੁਸ਼ਾਈ ਰਹਿਣਾ। ਜੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਮੈਂ ਭੇਜ ਸਕਦੀ ਹੋਵਾਂ ਤਾਂ ਜ਼ਰੂਰ ਲਿਖਣਾ। ਮੈਨੂੰ ਭੇਜਣ ਵਿਚ ਬੜੀ ਖ਼ੁਸ਼ੀ ਹੋਵੇਗੀ। ਮੈਨੂੰ ਤਸੱਲੀ ਹੋਵੇਗੀ ਕਿ ਆਖ਼ਿਰ ਜੇ ਮੈਂ ਨਹੀਂ, ਤੇ ਮੇਰੀ ਚੀਜ਼ ਤਾਂ ਤੁਹਾਡੇ ਪਾਸ ਹੈ।

ਬੜਾ ਵਕਤ ਹੋ ਗਿਆ ਹੈ। ਉਮੀਦ ਨਹੀਂ ਕਾਲਜ ਵਕਤ ਸਿਰ ਪੁਜਾਂ। ਖ਼ਤ ਦਾ ਜੁਆਬ ਜਲਦੀ ਜਲਦੀ ਦਿਆ ਕਰੋ।

ਬਹੁਤ ਸਾਰੀਆਂ ਮਿਠੀਆਂ ਯਾਦਾਂ ਭੇਜਦੀ ਹੋਈ।

ਮੈਂ ਹਾਂ,

ਤੁਹਾਡੀ.........

੧੦੫

੧੦੫