ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/59

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/59 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਸ਼ੁਰੂ ਕਰੀਏ। ਮਾਪਿਆਂ ਦਾ ਡਰ ਘਰ ਵਲ ਖਿਚੀ ਜਾਂਦਾ ਸੀ, ਪਰ ਤੁਹਾਡਾ ਪਿਆਰ ਹਿੱਲਣ ਨਹੀਂ ਸੀ ਦੇਂਂਦਾ। ਤੁਸੀ ਤੇ ਘੜੀ ਘੜੀ ਪੁਛਦੇ ਸਉ... “ਦੇਰ ਤੇ ਨਹੀਂ ਹੋ ਗਈ?" ਪਰ ਮੈਂ ਕਿਸ ਤਰ੍ਹਾਂ ਕਹਿੰਦੀ। ਆਖ਼ਿਰ ਕਿੰਨਾ ਕੁ ਚਿਰ ਤੁਹਾਡੇ ਕੋਲ ਠਹਿਰ ਸਕਦੀ ਸਾਂ। ਛੁਟੀ ਲੈਣੀ ਹੀ ਪਈ, ਪਰ ਭਰੀਆਂ ਅੱਖਾਂ ਤੇ ਭਰੇ ਹੋਏ ਦਿਲ ਨਾਲ। ਹਾਂ — ਖ਼ਾਮੋਸ਼ ਪਿਆਰ ਵਿਚ ਗਲਤਾਨ ਹੋਏ ਹੋਏ ਅਸੀ ਫੇਰ ਵਖ ਹੋ ਗਏ। ਵਾਪਸ ਆਉਂਦਿਆਂ, ਮੈਂ ਤੁਹਾਨੂੰ ਕਿੰਨਾ ਕੁ ਯਾਦ ਕਰਦੀ ਆਈ, ਇਹ ਦਸ ਨਹੀਂ ਸਕਦੀ। ਤੁਹਾਡੀ ਇਕ ਇਕ ਖੂਬੀ ਯਾਦ ਆ ਕੇ ਦਿਲ ਉਛਲ ਜਾਂਦਾ ਸੀ। ਕਦਮ ਭਾਰੇ ਹੋ ਗਏ ਸਨ। ਲੋਕੀ ਠੀਕ ਕਹਿੰਦੇ ਨੇ - ਜਦ ਪ੍ਰੀਤਮ ਨੂੰ ਮਿਲਣ ਜਾਈਦਾ ਹੈ, ਤਾਂ ਕਠਨ ਪਹਾੜੀ ਰਸਤਾ, ਢਲਵਾਨ ਪਗ-ਡੰਡੀ ਲੱਗਦੀ ਹੈ, ਤੇ ਆਉਣ ਲੱਗਿਆਂ ਉਤਰਾਈ ਵੀ ਚੜ੍ਹਾਈ ਮਲੂਮ ਦੇਂਂਦੀ ਹੈ। ਅਗੇ ਤੇ ਇਹ ਸੁਣਦੀ ਸਾਂ, ਪਰ ਕਲ ਮਹਿਸੂਸ ਵੀ ਕੀਤਾ ਹੈ।

ਦੇਵਿੰਦਰ ਜੀ, ਤੁਹਾਡੇ ਉਸ ਇਕਰਾਰ ਦੀ ਉਡੀਕ ਵਿਚ ਘੜੀਆਂ ਬਿਤਾ ਰਹੀ ਹਾਂ, ਜਿਹੜਾ ਕਲ ਤੁਸਾਂ ਜੁਦਾ ਹੋਣ ਸਮੇਂ ਕੀਤਾ ਸੀ।

ਅਜ ਸਵੇਰੇ ਉਠ ਕੇ ਤੁਹਾਡੇ ਖ਼ਤ ਦੀ ਹੀ ਪੜ੍ਹਾਈ ਕੀਤੀ ਹੈ। ਅਠ ਵਜਨ ਵਾਲ ਨੇ, ਨ੍ਹਾ ਧੋ ਕੇ ਤਿਆਰ ਹੋਣਾ ਹੈ। ਨੌਕਰ ਨੇ ਵੀ ਆਵਾਜ਼ ਦਿੱਤੀ ਹੈ, “ਬੀਬੀ ਜੀ ਪਾਣੀ ਭਰ ਦਿੱਤਾ ਹੈ।" ਸੋ ਦੇਵਿੰਦਰ ਜੀ, ਪਰਸੋਂ ਸ਼ਾਮ ਨੂੰ ਜ਼ਰੂਰ ਆਉਣਾ। ਮੈਂ ਤੁਹਾਡੇ ਲਈ ਸੈਰ ਕਰਨ ਨਹੀਂ ਜਾਵਾਂਗੀ।

.

ਤੁਹਾਡੀ ਆਪਣੀ............

ਅਜ ਤੇ ਕਿੰਨਾ ਲੰਮਾ ਖ਼ਤ ਲਿਖ ਦਿੱਤਾ ਹੈ।
ਪੜ੍ਹਦੇ ਪੜ੍ਹਦੇ ਅੱਕ ਨਾ ਜਾਣਾ।
ਪਿਆਰ ਭੇਜਾਂ, ਸੰਭਾਲ ਰਖੋਗੇ?

੪੯