ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/65

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/65 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਚਿਹਰੇ ਤੇ ਲਾਲੀ ਆ ਗਈ, ਜਿਸ ਨੂੰ ਮੇਰੀਆਂ ਅੱਖੀਆਂ ਤੇ ਨਹੀਂ, ਮੇਰੇ ਅਹਿਸਾਸ ਨੇ ਦੇਖ ਲਿਆ। ਮੂੰਹੋਂ ਕੋਈ ਲਫ਼ਜ਼ ਨਾ ਨਿਕਲ ਸਕਿਆ ਜੀ ਕਰੇ ਰੱਜ ਕੇ ਧੰਨਵਾਦ ਕਰਾਂ, ਪਰ ਜ਼ਬਾਨ ਬੰਦ ਸੀ। ਹੌਲੀ ਜਹੀ ਤੁਹਾਡਾ ਕਦਮ ਹਿਲਿਆ ਮੈਂ ਵੀ ਨਾਲ ਹੀ ਹਿਲ ਪਈ। ਦੋਵੇਂ ਜਣੇ ਬਿਨਾਂ ਕਿਸੇ ਆਵਾਜ਼ ਦੇ ਮੰਜੇ ਤੇ ਬੈਠ ਗਏ। ਅਜੇ ਵੀ 'ਚੁਪ'ਸੀ ਤੁਸੀ ਗਲਾਂ ਪੁਛੀ ਜਾਉ। ਮੈਂ ਜਾਂ ਤੇ 'ਚੁਪ' ਤੇ ਜਾਂ 'ਹੂੰ ’ ‘ਹਾਂ ਵਿਚ ਜਵਾਬ ਦਈ ਜਾਵਾਂ। ਤੁਹਾਡੇ ਹਥਾਂ ਦੀ ਛੋਹ ਨਾਲ ਮੇਰੇ ਅੰਦਰ ਬਿਜਲੀ ਚਲ ਜਾਂਦੀ। ਜਦੋਂ ਤੁਹਾਡੀਆਂ ਉਂਗਲਾਂ ਮੇਰੇ ਖਿੰਡੇ ਹੋਏ ਵਾਲ ਸਵਾਰਨ ਲਗ ਜਾਂਦੀਆਂ ਤਾਂ ਮੇਰੇ ਸਾਰੇ ਜਿਸਮ ਵਿਚ ਝਰਨਾਹਟ ਛਿੜ ਜਾਂਦੀ। ਤੁਸੀ ਬਾਰ ਬਾਰ ਕਹਿੰਦੇ “ਬੋਲਨਾ ਨਹੀਂ?" ਪਰ ਮੂੰਹੋਂ ਗਲ ਨਾ ਨਿਕਲ ਸਕਦੀ। ਭਾਵੇਂ ਮੇਰੀਆਂ ਹਰਕਤਾਂ ਮੇਰੀ ਜ਼ਬਾਨ ਨਾਲ ਮੇਰੇ ਜਜ਼ਬਿਆਂ ਦਾ ਵਧੀਕ ਇਜ਼ਹਾਰ ਕਰ ਦੇਂਦੀਆਂ।

ਬਾਹਰੋਂ ਜ਼ਰਾ ਕੁ ਕਿਸੇ ਵਾ ਖੜਾਕ ਆਉਂਦਾ ਤਾਂ ਦੋਵੇਂ ਹੀ ਸਹਿਮ ਜਾਂਦੇ। ਰੰਗ ਉਡ ਜਾਂਦੇ, ਸੁੰਨਸਾਂ ਹੋ ਜਾਂਦੀ....ਕੋਈ ਵੀ ਨਾ ਹੁੰਦਾ।

ਆਖ਼ਿਰ ਤੁਸਾਂ ਉਠਣ ਲਈ ਇਸ਼ਾਰਾ ਕੀਤਾ, ਪਰ ਮੈਂ ਤੁਹਾਡੇ ਹਥ ਨੂੰ ਦਬਾ ਲਿਆ, ਤੁਸੀ ਫੇਰ ਬੈਠ ਗਏ। ਤੁਸਾਂ ਮੈਨੂੰ ਨਿਰਾਸ਼ ਨਾ ਕਰਨਾ ਚਾਹਿਆ। ਗੱਲਾਂ ਕਰਨ ਨੂੰ ਜੀ ਕਰੇ। ਦਿਲ, ਆਪਣਾ ਆਪ ਦਸਣ ਲਈ ਉਛਲ ਉਛਲ ਕੇ ਬਾਹਰ ਆਏ ਪਰ ਮੈਂ ਬੁਤ ਦੀ ਬੁਤ ਹੀ ਬਣੀ ਰਹੀ। ਸੋਚਾਂ, "ਤੁਸੀ ਮੇਰੀ ਬਾਬਤ ਕੀ ਅਸਰ ਲੈ ਜਾਓਗੇ? ਕਿਹੋ ਜਿਹਾ ਖ਼ਿਆਲ ਕਰੋਗੇ ਮੈਨੂੰ?" ਪਰ ਮੇਰੀ ਜ਼ਬਾਨ ਜਕੜੀ ਹੀ ਰਹੀ।

ਮੇਰੇ ਅੰਦਰ ਪਾਣੀ ਦੀਆਂ ਛਲਾਂ ਵਾਂਗ ਵਲਵਲੇ ਘੋਲ ਕਰਨ ਲਗੇ ਅੱਖਾਂ ਦੀ ਗਰਮਾਇਸ਼ ਵਧ ਗਈ, ਵਾਲਾਂ ਵਿਚੋਂ ਸਰਸਰਾਹਟ ਮਹਿਸੂਸ ਹੋਣ ਲਗੀ, ਦਿਲ ਦੀ ਧੜਕਣ ਵੀ ਤੇਜ਼ ਹੋ ਗਈ, ਤੇ ਲੱਤਾਂ ਵਿਚ ਮਧਮ ਜਿਹੀ ਕੰਬਨੀ ਸ਼ੁਰੂ ਹੋ ਗਈ। ਮੈਂ ਆਪਣੇ ਆਪ ਨੂੰ ਭੁਲ ਗਈ। ਪਤਾ ਨਾ ਲੱਗੇ ਮੈਂ ਕਿਥੇ ਖੜੀ ਹਾਂ।