ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/92

ਵਿਕੀਸਰੋਤ ਤੋਂ
(ਪੰਨਾ:Gumnam Kudi De Khat.pdf/92 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੨੭

ਬੜੇ ਚੰਗੇ ਦੇਵਿੰਦਰ ਜੀ,

ਮੇਰੇ ਗੀਤ ਦੀ, ਮੇਰੀਆਂ ਅੱਖਾਂ ਤੇ ਚਿਹਰੇ ਦੀ ਤੁਸਾਂ ਏਨੀ ਪ੍ਰਸੰਸਾ ਲਿਖੀ ਹੈ ਕਿ ਮੈਂ ਸ਼ੀਸ਼ੇ ਅਗੇ ਖੜੀ ਹੋ ਕੇ ਦੇਖਣ ਲਗ ਜਾਂਦੀ ਹਾਂ, ਤੇ ਸੋਚਦੀ ਹਾਂ, "ਕੀ ਮੈਂ ਸਚ ਮੁਚ ਇਹੋ ਜਹੀ ਹਾਂ?" ਮੇਰੇ ਨਾਲੋਂ ਤੁਸੀ ਵਧੇਰੇ ਚੰਗੇ, ਸੋਹਣੇ, ਬੀਬੇ ਤੇ ਮਿਠੇ ਹੋ।

ਦੇਵਿੰਦਰ ਜੀ, ਤੁਸਾਂ ਜਿਹੜਾ ਸ਼ਾ...ਦੀ ਬਾਬਤ ਆਪਣੇ ਖ਼ਤ ਵਿਚ ਇਸ਼ਾਰਾ ਕੀਤਾ ਹੈ, ਮੈਂ ਇਸ ਉੱਤੇ ਕੀ ਵਿਚਾਰ ਕਰਾਂ। ਪਿਆਰ ਵਿਚ ਪਿਆਂ, ਜਜ਼ਬਾਤਾਂ ਦੇ ਅਸਰ ਹੇਠ, ਸੋਚਣ ਦੀ ਤਾਕਤ ਕਈ ਵਾਰੀ ਬੜੀ ਘਟ ਜਾਂਦੀ ਹੈ। ਮੈਂ ਤੇ ਤੁਹਾਨੂੰ ਬਾਰ ਬਾਰ ਲਿਖ ਚੁਕੀ ਹਾਂ ... ... ਕਿ ਮੈਨੂੰ ਤੁਹਾਡੇ ਨਾਲ ਏਨਾਂ ਪਿਆਰ ਹੈ, ਕਿ ਮੈਂ ਤੁਹਾਡੇ ਤੇ ਆਪਣੇ ਵਿਚ ਕਦੀ ਕੋਈ ਫ਼ਰਕ ਨਹੀਂ ਮਹਿਸੂਸ ਕੀਤਾ। ਪਰ ਕੀ ਇਸ ਦਾ ਤਰੀਕਾ ਕੇਵਲ ਸ਼ਾਦੀ ਹੀ ਹੈ? ਮੈਂ ਸਮਝਦੀ ਹਾਂ, ਕਿ ਸਾਡੀ ਸਮਾਜ ਸਾਨੂੰ ਇਸ ਤੋਂ ਬਿਨਾਂ ਹੋਰ ਕਿਸੇ ਵੀ ਤਰੀਕੇ ਨਾਲ ਇਕ ਹੋਣਾ ਪਰਵਾਨ ਨਹੀਂ ਕਰੇਗੀ। ਅਸੀ ਇਸ ਦੀਆਂ ਮੋਟੀਆਂ ਮੋਟੀਆਂ ਅਖਾਂ ਵਿਚ ਰੜਕਦੇ ਰਹਾਂਗੇ। ਇਸ ਦੇ ਛੋਟੇ ਜਿਹੇ ਦਿਲ ਵਿਚ ਸਾਡਾ ਕੋਈ ਟਿਕਾਣਾ ਨਹੀਂ। ਪਰ ਮੈਂ ਅਜੇ ਤਕ ਇਸ ਦੀ ਬਾਬਤ ਆਪ ਜੀ ਨੂੰ ਜਲਦੀ ਕੋਈ ਪਤਾ ਨਹੀਂ ਦੇ ਸਕਦੀ। ਕੁਝ ਸਮਾਂ ਬਚਣ ਲਈ ਦੇ ਦਿਓ, ਫੇਰ ਮੈਂ ਆਪਣਾ ਫ਼ੈਸਲਾ ਲਿਖਾਂਗੀ।

੮੦