ਪੰਨਾ:Guru Granth Tey Panth.djvu/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦

ਹੁਣ ਦਸੋ ਜੇ ਦਸੰਬਰ ਦਾ ਮਹੀਨਾ ਹੋਵੇ ਤੇ ਧੂੰਆਂ ਧਾਰ ਬਰਫ ਪੈਂਦੀ ਹੋਵੇ, ਕੋਹਮਰੀ ਯਾ ਗਲਗਿਤ ਦੀ ਠੰਡੀ ਥਾਂ ਹੋਵੇ, ਤੇ ਇਕ ਭਰਾ ਠੰਡ ਤੋਂ ਦੁਖੀ ਹੋਕੇ ਚੜ੍ਹਾਈਆਂ ਕਰਨ ਲਗਾ ਹੋਵੇ, ਤਾਂ ਉਸ ਵੇਲੇ ਕੀ ਆਧ ਪੱਖਾਂ ਫੇਰਨ ਦੀ ਸੇਵਾ ਕਰੋਗੇ? ਸਗੋਂ ਉਸ ਨੂੰ ਗਰਮ ਦਵਈਆਂ ਦਿਉਗੇ, ਤੇ ਗਰਮ ਕਪੜਿਆਂ ਵਿਚ ਲਪੇਟੋਗੇ। ਭਾਵ ਇਹ ਹੈ ਕਿ ਅਸੀਂ ਅਪਣੇ ਭਰਾਵਾਂ ਦਾ ਦੁਖ ਦੂਰ ਕਰਨਾ ਹੈ, ਤੇ ਉਨ੍ਹਾਂ ਲਈ ਸੁਖਦਾਈ ਸਾਧਨ ਵਰਤਨੇ ਹਨ, ਕਦੇ ਪੱਖਾ ਫੇਰਿਆ ਲਾਭ ਹੈ ਤਾਂ ਪੱਖਾ ਫੇਰੋ ਜੇ ਅੱਗ ਦੇ ਸੇਕ ਦੀ ਲੋੜ ਹੈ ਤਾਂ ਬਰਫ਼ ਦਿਓ, ਜੇ ਗਰਮ ਦਵਾਈ ਵਰਤਨ ਦਾ ਸਮਾ ਹੈ ਤਾਂ ਗਰਮ ਦਵਾਈ ਦਿਓ, ਜੇ ਭੁਖ ਹੈ ਤਾਂ ਰੋਟੀ ਦਿਓ, ਜੇ ਕੋਈ ਬੀਮਾਰੀ ਦੋ ਡੰਗ ਭੁਖ ਕਟਿਆਂ ਦੂਰ ਹੁੰਦੀ ਹੈ, ਤਾਂ ਭਾਵੇਂ ਬੀਮਾਰ ਰੋਟੀ ਪਿਆ ਮੰਗੇ ਪਰ ਉਸ ਨੂੰ ਭੁਖਾ ਰਖਨਾ ਹੀ ਉਸਦੀ ਸੇਵਾ ਹੈ, ਸੋ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਖੇ ਪਾਣੀ ਦੀ ਲੋੜ ਨਹੀਂ ਤਾਂ ਇਸ ਦੀ ਬਾਣੀ ਦਾ ਵੀਚਾਰ ਤੇ ਪ੍ਰਚਾਰ ਕਰੋ ਬਸ ਏਹ ਸੇਵਾ ਅਮੋਲਕ ਸੇਵਾ ਹੋਵੇਗੀ, ਨਹੀਂ ਤਾਂ ਸੰਗਤ ਗੁਰੂ ਦਾ ਰੂਪ ਹੈ, ਬਸ ਸੰਗਤ ਦੀ ਸੇਵਾ ਹਰ ਪ੍ਰਕਾਰ ਦੀ ਹੋ ਸਕਦੀ ਹੈ :- "ਇਕ ਸਿਖ ਦੋਇ ਸਾਧ ਮੰਗ ਪੰਜੀ ਪਰਮੇਸ਼੍ਵਰ"

ਵਾਰ ਭਾਈ ਗੁਰਦਾਸ