Page:Julius Ceasuer Punjabi Translation by HS Gill.pdf/10

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ


ਮੁਖਬੰਦ

ਡਾ: ਆਤਮਜੀਤ

ਪ੍ਰਿੰਸੀਪਲ

ਦੁਨੀਆਂ ਦੇ ਮਹਾਨਤਮ ਨਾਟਕਕਾਰਾਂ ਵਿੱਚੋਂ ਇੱਕ ਸ਼ੇਕਸਪੀਅਰ ਸੀ। ਉਸਦੇ ਨਾਟਕਾਂ ਵਿੱਚ ਜੀਵਨ ਅਤੇ ਮਨ ਦਾ ਜਿੰਨਾ ਸੁਹਣਾ ਚਿਤਰਣ ਹੋਇਆ ਹੈ, ਉਹ ਮਿਸਾਲੀ ਹੈ। ਹੈਮਲੈੱਟ, ਮੈਕਬੈੱਥ, ਓਥੈਲੋ ਆਦਿਕ ਨਾਟਕ ਆਪਣੀ ਰਚਨਾ ਤੋਂ ਪੰਜ ਸਦੀਆਂ ਬਾਦ ਭੀ ਸੱਜਰੇ ਅਤੇ ਭਾਵਭਰੇ ਹਨ । ਜੂਲੀਅਸ ਸੀਜ਼ਰ ਵੀ ਉਸਦੇ ਮਹੱਤਵਪੂਰਨ ਨਾਟਕਾਂ ਵਿੱਚੋਂ ਇੱਕ ਹੈ ਜਿਹੜਾ ਰੋਮਨ ਇਤਿਹਾਸ ਦੀ ਗੱਲ ਕਰਦਿਆਂ ਵੀ ਮਨੁੱਖੀ ਮਨ ਦੀਆਂ ਡੂੰਘਾਈਆਂ ਤੱਕ ਉਤਰਦਾ ਹੈ ਅਤੇ ਆਪਣੇ ਬਹੁ ਭਾਵੀ ਸੰਸਾਰ ਨਾਲ ਪਾਠਕਾਂ ਅਤੇ ਦਰਸ਼ਕਾਂ ਨੂੰ ਮੋਂਹਦਾ ਅਤੇ ਪੋਂਹਦਾ ਹੈ।

ਕੈਸੀਅਸ ਨੂੰ ਸੀਜ਼ਰ ਦੀ ਬਹਾਦਰੀ, ਤਰੱਕੀ ਅਤੇ ਸੋਭਾ ਦਾ ਸਾੜਾ ਹੈ। ਨਾਟਕ ਦੇ ਕਾਰਜ ਅਨੁਸਾਰ ਕੈਸੀਅਸ ਇਹ ਭਰਮ ਸਿਰਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਕਿ ਸੀਜ਼ਰ ਰੋਮ ਗਣਰਾਜ ਨੂੰ ਇੱਕ ਰਾਜਸ਼ਾਹੀ ਵਿੱਚ ਬਦਲ ਦੇਣਾ ਚਾਹੁੰਦਾ ਹੈ। ਇਸ ਦੇ ਸਿੱਟੇ ਵਜੋਂ ਉਹ ਸੀਜ਼ਰ ਦੇ ਨੇੜਲੇ ਮਿੱਤਰ ਬਰੂਟੱਸ ਨੂੰ ਵੀ ਉਸ ਤੋਂ ਤੋੜ ਦੇਂਦਾ ਹੈ ਅਤੇ ਉਸ ਨਾਲ ਰਲ ਕੇ ਸੀਜ਼ਰ ਦਾ ਕਤਲ ਕਰਦਾ ਹੈ। ਹੌਲੀ ਹੌਲੀ ਹਾਲਤਾਂ ਇਹੋ ਜਿਹੀਆਂ ਬਣਦੀਆਂ ਹਨ ਕਿ ਪਹਿਲਾਂ ਕੈਸੀਅਸ ਆਤਮਘਾਤ ਕਰਦਾ ਹੈ ਅਤੇ ਫ਼ਿਰ ਬਰੂਟੱਸ ਨੂੰ ਕਰਨਾ ਪੈਂਦਾ ਹੈ। ਮਰਨ ਤੋਂ ਪਹਿਲਾਂ ਬਰੂਟੱਸ ਆਪਣੇ ਸਾਥੀਆਂ ਦੇ ਤਰਲੇ ਮਾਰਦਾ ਹੈ ਕਿ ਉਹ ਉਸਦੀ ਜਾਨ ਕੱਢ ਲੈਣ ਪਰ ਅੰਤ ਉਸਨੂੰ ਆਪਣੀ ਮੌਤ ਦਾ ਪ੍ਰਬੰਧ ਵੀ ਆਪ ਕਰਨਾ ਪੈਂਦਾ ਹੈ। ਉਸਦੇ ਅੰਤਿਮ ਮਾਰਮਿਕ ਬੋਲ ਇਸ ਪ੍ਰਕਾਰ ਹਨ:

ਅਲਵਿਦਾ ਨੇਕ ਸਟਰੈਟੋ;
ਸੀਜ਼ਰ! ਹੁਣ ਤਾਂ ਸ਼ਾਂਤ ਹੋ ਜਾ
ਨਹੀਂ ਸੀ ਮਾਰਿਆ ਤੈਨੂੰ
ਏਦੂੰ ਘੱਟ ਸ਼ੁਭ ਕਾਮਨਾ ਨਾਲ
(ਆਪਣੀ ਤਲਵਾਰ ਉੱਤੇ ਦੌੜ ਕੇ ਮਰ ਜਾਂਦਾ ਹੈ।)

ਮਾਰ-ਧਾੜ ਨਾਲ ਭਰੇ ਇਸ ਨਾਟਕ ਦਾ ਕਾਰਜ ਦੇਖਣ-ਸੁਣਨ ਨੂੰ ਫ਼ਿਲਮੀ ਜਾਪਦਾ ਹੈ ਪਰ ਇਸ ਵਿੱਚ ਸ਼ੇਕਸਪੀਅਰ ਨੇ ਸੰਘਣੇ ਅਰਥ ਪਰੋਏ ਹਨ। ਉਸਦੇ ਨਾਟਕ ਦੀ ਬੁਣਤੀ ਇੰਨੀ ਬਾਰੀਕ ਹੈ ਕਿ ਅਜੇ ਤੱਕ ਸਮਾਲੋਚਕ ਇਸ ਬਹਿਸ ਨੂੰ ਹੀ ਨਹੀਂ ਮੁਕਾ ਸਕੇ ਕਿ ਆਖਰ ਇਸ ਇਤਿਹਾਸਕ ਨਾਟਕ ਦਾ ਨਾਇਕ ਕੌਣ ਹੈ। ਇਸਦੇ ਨਾਂ ਤੋਂ ਇਹੀ ਜਾਪਦਾ ਹੈ ਕਿ ਸੀਜ਼ਰ ਹੀ ਨਾਇਕ ਹੈ ਜੋ ਕਿ ਨਾਟਕ ਦੇ ਅੱਧ ਵਿੱਚ ਹੀ ਮਾਰਿਆ ਜਾਂਦਾ ਹੈ। ਪਰ ਕਈ ਸਿਆਣਿਆਂ ਦੀ ਨਜ਼ਰ ਵਿੱਚ ਇਸਦਾ ਅਸਲ ਨਾਇਕ ਬਰੂਟੱਸ ਹੈ। ਜਾਸਫ਼ ਹੂਪਰਟ ਕਹਿੰਦਾ ਹੈ:"ਬਰੂਟੱਸ ਇਸ ਨਾਟਕ ਦੀ ਅਸਲ ਚਾਲਕ ਸ਼ਕਤੀ ਹੈ। ਭਾਵੇਂ ਉਹ ਕਾਹਲੀ ਵਿੱਚ ਇੱਕ ਰਾਜਸੀ ਗਲਤੀ ਕਰਦਾ ਹੈ ਪਰ ਨਿਸਚੇ ਹੀ ਉਹ ਆਪਣੇ ਜ਼ਾਤੀ ਹਿਤਾਂ ਤੋਂ ਉਤਾਂਹ ਉੱਠਦਾ ਹੈ ਅਤੇ ਰਪਬਲਿਕ ਵਾਸਤੇ ਸੀਜ਼ਰ ਨੂੰ ਮਾਰਦਾ ਹੈ।" ਦਰਅਸਲ ਸ਼ੇਕਸਪੀਅਰ ਦੇ ਨਾਇਕ ਆਪਣੀਆਂ ਤ੍ਰਾਸਦਿਕ ਊਣਤਾਈਆਂ ਕਾਰਨ ਵੀ ਪਛਾਣੇ ਜਾਂਦੇ ਹਨ। ਬਰੂਟੱਸ ਵੀ ਇਕ ਮਹਾਨ ਦੇਸ਼ ਪ੍ਰੇਮੀ ਸੀ ਜਿਸ ਦੀ ਮੌਤ ਉੱਤੇ ਉਸਦਾ ਦੁਸ਼ਮਣ ਐਨਟਨੀ ਵੀ ਇਹ ਆਖਣ ਲਈ ਮਜਬੂਰ ਹੈ: ਅੱਤ ਕੁਲੀਨ ਅੱਤ ਭੱਦਰ ਸੀ ਇਹ

9