Page:Kujh Singh Sabha Lehar Baare.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
8


ਉੱਘੇ ਉੱਘੇ ਉਦੇਸ਼ਾਂ ਉੱਤੇ ਪ੍ਰਕਾਸ਼ ਨਾ ਪਾਇਆ ਗਿਆ। ਇਸ ਜਨ ਹਿਤੈਸ਼ੀ ਲਹਿਰ ਨੇ ਸਿੱਖਾਂ ਵਿੱਚ ਧਾਰਮਕ, ਵਿਦਿਅਕ ਅਤੇ ਸਮਾਜਿਕ ਜਾਗ੍ਰਿਤੀ ਪੈਦਾ ਕਰ ਦਿੱਤੀ; ਸਕੂਲ ਅਤੇ ਕਾਲਜ ਖੋਲ੍ਹ ਕੇ ਅਤੇ ਵਿਦਿਅਕ ਕਾਨਫ੍ਰੰਸਾਂ ਕਰਕੇ ਸਿੱਖਾਂ ਵਿੱਚ ਪ੍ਰਮਾਰਥਕ ਅਤੇ ਸੰਸਾਰਕ ਵਿਦਿਆ ਦਾ ਚਾਅ ਪੈਦਾ ਕਰ ਦਿੱਤਾ। ਖਾਲਸਾ ਕਾਲਜ ਅੰਮ੍ਰਿਤਸਰ, ਜਿਸ ਵਿਚੋਂ ਅਣਗਿਣਤ ਨੋਜਵਾਨ ਖੋਜੀ, ਵਿਗਿਆਨੀ ਅਤੇ ਸਾਹਿਤਾਚਾਰੀਆ ਹੋ ਕੇ ਨਿਕਲੇ, ਸਿੰਘ ਸਭਾ ਦੀ ਹੀ ਉਪਜ ਹੈ।

ਸਿੰਘ ਸਭਾ ਲਹਿਰ ਨੇ ਸਿੱਖਾਂ ਨੂੰ ਪੁਰਾਣੇ ਵਹਿਮਾਂ ਅਤੇ ਭਰਮਾਂ ਦੇ ਜਿਲ੍ਹਣ ਵਿਚੋਂ ਕੱਢਿਆ ਅਤੇ ਦਸ਼ਮੇਸ਼ ਪਿਤਾ ਦੇ ਪਾਏ ਪੂਰਨਿਆਂ ਉੱਤੇ ਚੱਲਣ ਲਈ ਪ੍ਰੇਰਿਆ। ਭਾਈ ਦਿੱਤ ਸਿੰਘ ਜੀ ਨੇ ਭਰਮਾਂ ਦੇ ਵਿਰੁੱਧ ਕਈ ਪ੍ਰਭਾਵਸ਼ਾਲੀ ਪੁਸਤਕਾਂ ਲਿਖੀਆਂ।

 ਸਿੱਖਾਂ ਵਿਚੋਂ ਜ਼ਾਤ ਪਾਤ ਦਾ ਭੂਤ, ਜੋ ਹਜ਼ਾਰਾਂ ਸਾਲਾਂ ਤੋਂ ਉਨ੍ਹਾਂ ਨੂੰ ਚਮੜਿਆ ਹੋਇਆ ਸੀ, ਕੱਢਿਆ। ਇਸ ਲਹਿਰ ਨੇ ਵਿਆਹ, ਸ਼ਾਦੀਆਂ, ਜ਼ੇਵਰਾਂ ਉੱਤੇ ਵੱਧ ਖਰਚ ਕਰਨ ਦੇ ਵਿਰੁੱਧ ਬੜੇ ਜੋਰ ਨਾਲ ਪ੍ਰਚਾਰ ਕੀਤਾ।

ਅਨੰਦ ਕਾਰਜ ਦੀ ਰਸਮ,ਜੋ ਗੁਰੂ ਅਮਰ ਦਾਸ ਜੀ ਨੇ ਅਰੰਭ ਕੀਤੀ ਸੀ, ਇਸ ਲਹਿਰ ਦੇ ਮੋਢੀਆਂ ਨੇ ਬੜੀ ਕਠਨਾਈਆਂ ਨਾਲ ਪਰਚਲਤ ਕੀਤੀ।

ਸ਼੍ਰੀ ਗੁਰੂ ਸਿੰਘ ਸਭਾ, ਪਟਿਆਲਾ ਨੇ ਸਿੰਘ ਸਭਾ ਲਹਿਰ ਦੇ ਉਕਤ ਉਦੇਸ਼ਾਂ ਦੀ ਪੂਰਤੀ ਲਈ ਬੜੇ ਉਪਰਾਲੇ ਕੀਤੇ।

ਇਸ ਸਭਾ ਦੇ ਪੁਰਾਣੇ ਮੈਂਬਰ ਜਾਣਦੇ ਹਨ ਕਿ ਸਵਰਗਵਾਸੀ ਸੰਤ ਗੁਰਬਖਸ਼ ਸਿੰਘ ਜੀ ਨੇ, ਜੋ ਸਭਾ ਦੇ ਪ੍ਰਚਾਰਕ ਸਨ, ਪਿੰਡ ੨ ਫਿਰਕੇ ਮਨਮਤ ਦੇ ਵਿਰੁੱਧ ਪ੍ਰਚਾਰ ਕੀਤਾ। ਸਭਾ ਦੇ ਰਾਗੀ ਜਥੇ, ਜਿਨ੍ਹਾਂ ਵਿਚੋਂ ਭਾ:ਵਰਿਆਮ ਸਿੰਘ ਟੌਹੜਾ ਦਾ ਨਾਂ ਵਰਨਣਯੋਗ ਹੈ, ਸਿੰਘ ਸਭਾ ਲਹਿਰ ਦੇ ਮਨੋਰਥਾਂ ਦੀ ਗਿਆਤ ਪਿੰਡਾਂ ਦੀਆਂ ਸੰਗਤਾਂ ਨੂੰ ਕਰਵਾਉਂਦੇ ਹਨ।

ਪਰ ਸ਼ੋਕ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਹੀ ਕੁਰੀਤਾਂ ਦਾ,ਜਿਨ੍ਹਾਂ ਨੂੰ ਹਟਾਉਣ ਲਈ ਸਿੰਘ ਸਭਾ ਦੇ ਆਗੂਆਂ ਨੇ ਬੜੇ ਕਸ਼ਟ ਝੱਲੇ, ਸ਼ਿਕਾਰ ਹੋ ਰਹੇ ਹਾਂ। ਆਓ ਅਸੀਂ ਇਨ੍ਹਾਂ ਨੂੰ ਤਿਲਾਂਜਲੀ ਦੇ ਕੇ ਪੁਰਾਣੇ ਸਿੰਘ ਸਭੀਆਂ ਦੇ ਪੂਰਨਿਆਂ ਤੇ ਚਲੀਏ।