ਪੰਨਾ:Macbeth Shakespeare in Punjabi by HS Gill.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

{ਚੌਥੇ ਐਕਟ ਦਾ ਅੰਤਲਾ ਭਾਗ ਇੰਗਲੈਂਡ ਵਿੱਚ;
ਬਾਕੀ ਸਾਰਾ ਨਾਟਕ ਸਕਾਟਲੈਂਡ ਵਿੱਚ; ਅਤੇ ਖਾਸ ਤੌਰ ਤੇ ਮੈਕਬੈਥ ਦੇ ਕਿਲੇ ਵਿੱਚ।}

ਐਕਟ-1

ਸੀਨ-1

ਖੁੱਲ੍ਹੀ ਥਾਂ-। ਬਿਜਲੀ ਦੀ ਚਮਕਾਰ ਅਤੇ ਗਰਜਣ;

{ਜਾਦੂਗਰ-ਚੁੜੇਲ ਤਿੱਕੜੀ ਦਾ ਪ੍ਰਵੇਸ਼}

ਪਹਿਲੀ ਚੁੜੇਲ:ਆਪਾਂ ਕਦ ਹੁਣ ਮਿਲਣਾ ਫੇਰ?
ਗਰਜਣ ਘੋਰ, ਲਿਸ਼ਕਾਰਾਂ ਅੰਦਰ, ਜਾਂ ਵਰ੍ਹਦੇ ਮੀਂਹ-ਨ੍ਹੇਰਾਂ ਅੰਦਰ?
ਦੂਜੀ ਚੁੜੇਲ:ਸਿੰਗ ਜਦ ਮਾੜੇ, ਤੱਗੜੇ, ਫੱਸਣ, ਭੇੜ-ਭੜੰਤ ਜਦ ਹੋ ਜੇ ਪੂਰਾ,
ਜੰਗ ਜਦੋਂ ਫਿਰ ਜਿੱਤੀ ਜਾਵੇ, ਤੇ ਹਾਰ ਜਾਏ ਕੋਈ ਸੂਰਾ ਪੂਰਾ।
ਤੀਜੀ ਚੁੜੇਲ :ਦਿਨ ਛਿਪਣ ਤੋਂ ਪਹਿਲਾਂ ਪਹਿਲਾਂ।
ਪਹਿਲੀ ਚੁੜੇਲ:ਕਿਹੜੀ, ਕਿੱਥੇ, ਥਾਂ ਉਹ ਐਸੀ?
ਦੂਜੀ ਚੁੜੇਲ:ਝਾੜ-ਖੰਡ ਦੇ ਉਹ ਵਿਚਕਾਰ।
ਤੀਜੀ ਚੁੜੇਲ:ਮੈਕਬੈਥ ਨੂੰ ਮਿਲਣਾ ਓਥੇ।
ਪਹਿਲੀ ਚੁੜੇਲ:ਧੌਲੀ-ਝਾਟੀ, ਲੁੱਚ-ਡਾਕਣੀ! ਮੈਂ ਵੀ ਆਈ ।
ਸਾਰੀਆਂ:ਮੋਟਾ ਡੱਡੂ ਮਾਰੇ ਹਾਕਾਂ: ਆ ਜੋ ਛੇਤੀ, ਛੇਤੀ ਆ ਜੋ,
ਸੁਹਣਾ ਹੈ ਬਦ, ਬਦ ਹੀ ਸੁਹਣਾ;
ਧੁੰਦ-ਗੰਦ ਦੀਆਂ ਪੌਣਾਂ ਵਿੱਚ ਹੀ ਚੰਗਾ ਭੌਣਾ।
{ਅਲੋਪ ਹੋ ਜਾਂਦੀਆਂ ਹਨ}

9