ਪੰਨਾ:Macbeth Shakespeare in Punjabi by HS Gill.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਵੱਢਿਆ ਫੇਰ ਸੀਸ ਓਸਦਾ, ਟੰਗਿਆ ਕਿੰਗਰੇ ਕਿਲੇ ਦੇ ਆ ਕੇ।
ਮਹਾਰਾਜ ਡੰਕਣ:ਵਾਹ, ਬਹਾਦੁਰ ਭਰਾ ਚਚੇਰੇ! ਵਾਹ, ਪਤਵੰਤੇ ਭਾਈ ਮੇਰੇ!
ਸੈਨਿਕ:ਜਿੱਥੋਂ ਰਵੀਰਾਜ ਦੀਆਂ ਰੌਸ਼ਨ ਕਿਰਨਾਂ, ਰਥ ਨੂਰ ਦਾ ਖਿੱਚ ਲਿਆਵਣ,
ਓਥੋਂ ਹੀ ਤੂਫਾਨ-ਤਲਾਤੁਮ, ਰੋਹ ਸਾਗਰ ਦਾ,
ਘੋਰ ਗਰਜਣਾ ਸੰਗ ਲਿਆਵਣ:-
ਨਾਵਾਂ ਤੋੜਨ, ਪੋਤ ਪਲਟਾਵਣ, ਸਾਹਿਲ ਦੀ ਹਿੱਕ ਦਹਿਲਾਵਣ;
ਬਿਲਕੁਲ ਏਵੇਂ ਉਸੇ ਸਰੋਤੋਂ, ਦੁੱਖ-ਦਰਦ ਵੀ ਝਰ ਝਰ ਆਉਂਦੇ,
ਸੁੱਖ ਸਹਿਜ ਦੀ ਨਿਰਮਲ ਧਾਰਾ, ਜਿਸ ਸਰੋਤੋਂ ਫੁਟਦੀ ਲੱਗੇ।
ਸਕਾਟਲੈਂਡ ਦੇ ਸ਼ਾਹ ਬਹਾਦੁਰ, ਧਿਆਨ ਦਿਓ ਇਸ ਵੱਲੇ:-
'ਵੀਰਤਾ' ਸੰਗ ਸੁਸ਼ਸਤਰ ਹੋ ਕੇ, ਰਣ-ਖੇਤਰ ਨੂੰ 'ਨਿਆਂ' ਜਦ ਧਾਇਆ:
ਟਪੂਸੀਮਾਰ ਸਿਪਾਹ ਪੈਦਲ ਨੇ, ਪਿੱਠ ਨੂੰ ਅੱਡੀਆਂ ਨੂੰ ਲਾਇਆ;
ਐਪਰ ਲਾਟ ਨੌਰਵੇ ਵਾਲਾ, ਤਾੜ ਰਿਹਾ ਸੀ ਪਾਸੇ ਮੌਕਾ ,
ਸਾਬਤ ਸਪਲਾਈ ਹਥਿਆਰਾਂ ਵਾਲੀ, ਬੰਦੇ ਹੋਰ ਨਰੋਏ ਲੈ ਕੇ,
ਉਹ ਰਣਖੇਤਰ ਧਾਇਆ;
ਪੂਰੇ ਜੋਸ਼ ਨਾ' ਲਸ਼ਕਰ ਉਹਦੇ, ਤਾਜ਼ਾ ਬੋਲਿਆ ਹੱਲਾ।
ਮਹਾਰਾਜ ਡੰਕਣ:ਫਿਰ ਤਾਂ ਮੇਰੇ ਜਰਨੈਲਾਂ ਨੂੰ: ਬੈਂਕੋ ਬਹਾਦੁਰ ਮੈਕਬੈਥ ਨੂੰ
ਬੜੀ ਮਾਯੂਸੀ ਹੋਈ ਹੋਣੀ?
ਸੈਨਿਕ:ਜੀ ਸਰਕਾਰ;
ਜਿੱਦਾਂ ਬਾਜ਼ਾਂ ਉੱਤੇ ਟੁੱਟਣ ਚਿੜੀਆਂ, ਜਾਂ ਖਰਗ਼ੋਸ਼ ਸ਼ੇਰ ਤੇ ਝਪਟੇ।
ਸੱਚ ਕਹਾਂ ਤਾਂ ਕਹਿਣਾ ਪੈਂਦੈ:-
ਦਗਣ ਦੁਨਾਲੀਆਂ ਤੋਪਾਂ ਜਿੱਦਾਂ, ਮੂੰਹ ਥੀਂ ਨਾਲ ਬਰੂਦ ਦੇ ਭਰੀਆਂ,
ਦੋਹਰੇ ਚੌਹਰੇ ਵਾਰ ਉਨ੍ਹਾਂ ਨੇ, ਇਉਂ ਦੁਸ਼ਮਣ ਤੇ ਕੀਤੇ:-
ਜਿਉਂ ਅਸ਼ਨਾਨ ਸੀ ਕਰਨਾ ਉਹਨਾਂ, ਵਗਦੇ ਜ਼ਖਮਾਂ ਥੱਲੇ;
ਜਾਂ ਫਿਰ ਯਾਦ ਜ਼ੁਬਾਨੀ ਕਰਨਾ,ਲਾ ਲਾ ਪੁਸ਼ਤੇ ਕੁਸ਼ਿਤਆਂ ਵਾਲੇ
ਹੱਡਮਹਿਲ (ਗੋਲਗੋਥਾ) ਦਾ ਤਾਜ਼ਾ ਨਕਸ਼ਾ,-
ਇਸ ਬਾਰੇ ਕੁੱਝ ਕਹਿ ਨਹੀਂ ਸਕਦਾ:-
ਐਪਰ ਹੁਣ ਤਾਂ ਮੂਰਛਾ ਪੈਂਦੀ; ਜ਼ਖਮ ਮੇਰੇ ਹੁਣ ਮਰਹਮ ਮੰਗਦੇ।
ਡੰਕਣ ਮਹਾਰਾਜ:ਕਿੰਨੇ ਸੁਹਣੇ ਸ਼ਬਦ ਨੇ ਤੇਰੇ, ਸੋਂਹਦੇ ਤੈਨੂੰ ਜ਼ਖਮਾਂ ਵਾਂਗੂੰ;
ਪਤ-ਪਤੀਜ ਦੀ ਖੁਸ਼ਬੂ ਆਉਂਦੀ, ਇਹਨਾਂ ਦੋਵਾਂ ਵਿੱਚੋਂ।-
ਜਾਓ, ਹੋ--! ਜੱਰਾਹ ਬੁਲਵਾਓ, ਕਰਵਾਓ ਚਾਰਾ ਇਹਦਾ।
{ਸਹਾਇਕ ਸੈਨਿਕ ਨੂੰ ਲੈ ਜਾਂਦੇ ਹਨ}
ਆਹ ਭਲਾ ਹੁਣ ਕੌਣ ਆ ਰਿਹੈ?
ਮੈਲਕੌਲਮ:ਸਰਦਾਰ ਜਗੀਰੂ, 'ਰਾਜ' ਦਾ ਅਦਨਾ, ਰੌਸ ਨਾਮ ਹੈ ਇਹਦਾ:

11