ਪੰਨਾ:Macbeth Shakespeare in Punjabi by HS Gill.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਨ-3


ਇੱਕ ਝਾੜ-ਖੰਡ

{ਗੜਗੜਾਹਟ ਹੁੰਦੀ ਹੈ-ਪ੍ਰਵੇਸ਼ ਤਿੰਨ ਚੁੜੇਲਾਂ ਦਾ}

ਪਹਿਲੀ ਚੁੜੇਲ:ਕਿੱਥੇ ਰਹੀ ਤੂੰ ਭੈਣ ਮੇਰੀਏ?
ਦੂਜੀ ਚੁੜੇਲ:ਸੂਰ ਮਾਰਦੀ।
ਤੀਜੀ ਚੁੜੇਲ:ਤੇ ਭੈਣੇਂ ਤੂੰ ਕਿੱਥੇ ਸੀ ਗੀ?
ਪਹਿਲੀ ਚੁੜੇਲ:ਪੱਲੇ ਪਾ ਅਖਰੋਟ ਸੀ ਬੈਠੀ, ਇੱਕ ਨਾਵਕ ਦੀ ਬੀਵੀ
ਚਬੜ ਚਬੜ ਸੀ ਚੱਬੀਂ ਜਾਂਦੀ, ਚੱਬੀਂ ਜਾਂਦੀ, ਚੱਬੀਂ ਜਾਂਦੀ :
-ਦੇਹ ਮੈਨੂੰ ਵੀ , ਮੈਂ ਆਖਿਆ:-
'ਤਿੱਤਰ ਹੋ ਚੁੜੇਲੇ ਏਥੋਂ'! ਪੁੱਠ-ਰੱਜੀ ਹਰਾਂਬੜ ਚੀਕੀ ।
ਗਿਆ ਅਲੈਪੋ ਕੰਤ ਓਸਦਾ, 'ਸ਼ੇਰ' ਪੋਤ ਦਾ ਸੀ ਕਪਤਾਨ:
ਐਪਰ ਛਾਨਣੀ ਹੋ ਸਵਾਰ, ਮੈਂ ਆਪੂੰ ਠਿੱਲ ਜਾਣਾ ਓਧਰ,
ਬਿਲਕੁਲ 'ਲੰਡੂ' ਚੂਹੇ ਵਾਂਗੂ: ਇਹ ਕੁੱਝ ਕਰਨਾ, ਸੱਚੀਂ ਕਰਨਾ,
ਹਾਂ, ਮੈਂ ਪੱਕਾ ਕਰਨਾ।
ਦੂਜੀ ਚੁੜੇਲ:ਬਾਦਬਾਨ ਵਿੱਚ ਤੇਰੇ ਮੈਂ ਪੌਣ ਭਰੂੰਗੀ।
ਪਹਿਲੀ ਚੁੜੇਲ:ਤੂੰ ਕਿਰਪਾਲੂ ਬੜੀ ਹੈਂ ਭੈਣੇਂ।
ਤੀਜੀ ਚੁੜੇਲ:ਪੌਣ ਦੂਸਰੀ ਮੈਂ ਦਿਉਂਗੀ।
ਪਹਿਲੀ ਚੂੜੇਲ:ਬਾਕੀ ਕੁੱਲ ਮੈਂ ਆਪ ਲਵਾਂ ਗੀ ;
ਤੇ ਸੱਭੇ ਉਹ ਬੰਦਰਗਾਹਾਂ, ਵਗਦੀਆਂ ਜਿੱਥੇ ਉਹ ਹਵਾਵਾਂ,
ਉਹ ਸਾਰੇ ਖੂੰਜੇ, ਸਾਰੀਆਂ ਥਾਵਾਂ, ਜੋ ਨਾਵਕ ਦੇ ਨਕਸ਼ੀਂ ਲਿਖੀਆਂ।
ਸੁੱਕਾ ਘਾਹ ਬਣਾ ਦੂੰ ਉਹਨੂੰ, ਰਸ ਮੈਂ ਪੀ ਜੂੰ ਸਾਰਾ,
ਰਾਤ ਦਿਨੇ ਉਹ ਰਹੂ ਉਣੀਂਦਾ, ਪਲਕਾਂ ਬੋਝਲ ਰਹਿਣੀਆਂ ਝੁਕੀਆਂ:
ਬੰਧੂਏ ਵਾਂਗ ਰਹੂ ਉਹ ਬੰਦਾ, ਸੱਤ-ਰਾਤਾਂ ਉਹ ਥੱਕਾ-ਟੁੱਟਾ,-
ਨੌਂ ਗੁਣਾ ਨੌਂ ਘਟਣਾ ਉਹਨੇ, ਸੁੱਕਦੇ, ਸੜਦੇ, ਝੁਰਦੇ ਰਹਿਣਾ,
ਭਾਵੇਂ ਕਸ਼ਤੀ ਨਹੀਂ ਗ਼ਰਕਣੀ , ਝੱਖੜ ਤਾਂ ਪਰ ਝੱਲਣੇ ਪੈਣੇ;
ਵੇਖੋ, ਆਹ ਕੀ ਮੈਂ ਲਿਆਈ।
ਦੂਜੀ ਚੁੜੇਲ:ਵਖਾ ਖਾਂ ਮੈਨੂੰ; ਮੈਨੂੰ ਵਖਾ।
ਪਹਿਲੀ ਚੁੜੇਲ:ਗੂਠਾ ਇੱਕ ਜਹਾਜ਼ੀ ਦਾ ਹੈ, ਡੁੱਬਾ ਸੀ ਜੋ ਘਰ ਨੂੰ ਮੁੜਦਾ।
{ਅੰਦਰੋਂ ਨਗਾਰੇ ਦੀ ਆਵਾਜ਼}
ਤੀਜੀ ਚੁੜੇਲ:ਨਗਾਰਾ ਵੱਜਦੈ, ਹਾਂ ਨਗਾਰਾ! ਮੈਕਬੈਥ ਆਉਂਦਾ ਲਗਦੈ।

13