ਪੰਨਾ:Macbeth Shakespeare in Punjabi by HS Gill.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਨ-6


ਉਹੀ, ਕਿਲੇ ਦੇ ਸਾਹਮਣੇ।

{ਪੀਪਨੀ-ਵਾਦਕ ਮੁੰਡੇ, ਮੈਕਬੈਥ ਦੇ ਸਹਾਇਕ, ਹਜ਼ੂਰੀ ਵਿੱਚ।
ਪ੍ਰਵੇਸ਼ ਮਹਾਰਾਜ ਡੰਕਨ, ਮੈਲਕੌਲਮ, ਡੋਨਲਬੇਨ, ਬੈਂਕੋ, ਲੈਨੌਕਸ, ਮੈਕਡਫ,
ਰੌਸ, ਅੰਗਸ, ਅਤੇ ਸਹਾਇਕ}

ਮਹਾਰਾਜ ਡੰਕਨ:ਕਿਲੇ ਦੀ ਕੁਰਸੀ, ਆਲ਼ਾ-ਦੁਆਲ਼ਾ ਬੜਾ ਹੀ ਸੁਹਣਾ, ਬੜਾ ਸੁਖਾਵਾਂ
ਸਿਹਤ-ਬਖਸ਼, ਤੇਜ਼-ਅਸਰ, ਸੁਗੰਧਤ ਮਿੱਠੀਆਂ ਰੁਮਕਣ ਵਾਵਾਂ:
ਸੂਖਮ ਸੁਹਜ ਅਹਿਸਾਸ ਜਗਾਵਣ, ਮਸਤ ਮਸਤ, ਲਤੀਫ ਹਵਾਵਾਂ।
ਬੈਂਕੋ:ਪੰਖੇਰੂ ਪ੍ਰਾਹੁਣਾ ਹੁਨਾਲ ਦਾ ਏਹੇ, ਪ੍ਰੇਤ-ਭਾਂਤ ਜੋ ਮੰਦਰਗਮਨੀ,
ਪੱਕੀ ਰਿਹਾਇਸ਼ ਬਣਾ ਫਸੀਲੇ, ਪ੍ਰਮਾਣਿਤ ਕਰਦੈ ਪ੍ਰੇਮ- ਸਚਾਈ:-
ਖੁਸ਼ਬੂ ਖੁਸ਼ਬੂ ਸੁਆਸ ਸਵਰਗੀ, ਮੁੜ ਮੁੜ ਖਿੱਚ ਲਿਅਉਂਦੈ ਏਥੇ;
ਨਾਂ ਕਿੰਗਰਾ ਨਾਂ ਕੋਈ ਬਨੇਰਾ, ਨਾਂ ਪੁਸ਼ਤਾ ਨਾਂ ਕੋਈ ਵਧੇਰਾ-,
ਨਾਂ ਸੁਲੱਭਤ ਘੁਰਨਾ ਕੋਈ, ਇਸ ਪੰਖੀ ਨੇ ਖਾਲੀ ਛੱਡਿਐ ਏਸ ਫਸੀਲੇ,
ਜਿੱਥੇ ਵੰਸ਼ ਵਧਾਵਣ ਖਾਤਰ ਪੀਂਘ-ਪੰਘੂੜਾ, ਹਾਰ-ਬਿਸਤਰਾ,
ਹਾਲੀਂ ਨਹੀਂ ਬਣਾਇਆ ਇਹਨੇ:
ਇਹ ਪੰਖੇਰੂ, ਮੈਂ ਵੇਖਿਐ, ਆਸ਼ਕ ਵਾਂਗੂੰ ਮੁੜ ਘਿੜ ਏਥੇ ਆਈਂ ਜਾਂਦੈ,
ਨਸਲ ਆਪਣੀ ਹਰ ਵਰ੍ਹਿਆਏ, ਸ਼ਤ ਪ੍ਰਤੀ ਸ਼ਤ ਵਧਾਈਂ ਜਾਂਦੇ :
ਪੌਣ-ਪਾਣੀ ਏਸ ਕਿਲੇ ਦਾ ਸਿਹਤਮੰਦ, ਨਫੀਸ ਹੈ ਏਨਾ।
{ਪ੍ਰਵੇਸ਼ ਲੇਡੀ ਮੈਕਬੈਥ ਦਾ}
ਮਹਾਰਾਜ ਡੰਕਨ:ਸਤਿਕਾਰਤ ਮੇਜ਼ਬਾਂ ਵੇਖੋ ਆਈ !-
ਮੋਹ ਰੱਈਅਤ ਦਾ ਮਿਲੇ ਅਸਾਨੂੰ, ਅਕਸਰ ਇਹ ਤਕੱਲੁਫ ਹੁੰਦੈ,
ਸ਼ੁਕਰ-ਗੁਜ਼ਾਰੀ ਤਕੱਲੁਫ ਦੀ ਵੀ, ਤਕੱਲੁਫ ਵੀ ਤਾਂ ਮੋਹ ਹੀ ਹੁੰਦੈ ।
ਇਸ ਵਿੱਚੋਂ ਹੀ ਦਿਆਂ ਨਸੀਹਤ: ਕਿਵੇਂ ਖੁਦਾ ਤੋਂ ਮੰਗੋਂ ਦਾਤਾਂ :
'ਕ੍ਰਿਪਾ-ਕਰਮ ਕਰੇ ਉਹ ਦਾਤਾ ਸਾਡਾ !', ਤਕੱਲੁਫ ਦਾ ਫਲ ਮਿਲੇ ਤੁਸਾਨੂੰ;
ਤਾਂ ਤੇ ਕਰੋਂ ਸ਼ੁਕਰੀਆ ਸਾਡਾ: ਤਕਲੀਫ ਤਕੱਲੁਫ ਦੀ ਜੋ ਦਿੱਤੀ ।
ਲੇਡੀ ਮੈਕਬੈਥ:ਤਿਆਰੀ ਖਾਤਰਦਾਰੀ ਵਾਲੀ, ਨਿੱਕੇ ਮੋਟੇ ਹਰ ਪਹਿਲੂ ਤੋਂ, ਦੂਣੀ ਭਾਵੇਂ ਚੌਣੀ ਹੋਈ,
ਐਪਰ ਸਨਮਾਨਾਂ, ਅਹਿਸਾਨਾਂ ਅੱਗੇ , ਹੀਣੀ , ਤੁੱਛ, ਤੇ ਹਲਕੀ ਹੋਈ,
ਮਹਾਰਾਜ ਅਧਿਰਾਜ ਦੁਆਰਾ, ਕਰਮ, ਨਿਵਾਜ਼ਿਸ਼, ਰਹਿਮਤ ਹੋਈ,
ਗ਼ਰੀਬ-ਖਾਨੇ ਤੇ ਮਰਾਤਬ ਵਾਲੀ , ਅੰਬਰ-ਫਾੜ ਜੋ ਬਾਰਸ਼ ਹੋਈ
ਸਰਕੀ ਧਰਤ ਕੋਟ ਦੁਆਲੇ, ਨਿਵਾਜ਼ਿਸ਼ ਦੀ ਢਾਹ ਲਗਦੀ ਹੋਈ:

24