ਪੰਨਾ:Macbeth Shakespeare in Punjabi by HS Gill.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਕਸ਼ ਓਸਦੀ ਹਸਤੀ ਵਾਲਾ, ਪੂੰਝ ਕੇ ਰੱਖ ਦੂ,-
ਮਾਰ ਛੜੱਪਾ ਫਿਰ ਟੱਪ ਜਾਈਏ, ਆਉਂਦੇ ਅਸੀਂ ਭਵਿੱਖ ਨੂੰ।
ਐਪਰ ਅਜਿਹੇ ਮਾਮਲਿਆਂ ਵਿੱਚ, ਹਾਲੀਂ ਨਿਆਂ ਦਾ ਦਖਲ ਵੀ ਹੁੰਦੈ;
ਖੂਨਖਰਾਬੇ ਦੇ ਮਸ਼ਵਰੇ ਅਸੀਂ ਜੋ ਦਿੰਦੇ, ਪਲੇਗ ਵਾਂਗ ਉਹ ਮੁੜ ਆ ਪੈਂਦੇ
ਸਾਡੇ ਹੀ ਸਿਰ: ਭਰਿਆ ਜ਼ਹਿਰ ਪਿਆਲਾ ਸਾਡਾ, ਸਾਡੇ ਹੀ ਮੂੰਹ ਨੂੰ ਮੁੜ ਆ ਲਗਦਾ,
'ਜੋ ਬੀਜੋ ਸੋ ਵੱਢੋ' ਵਾਲਾ, 'ਨਿਆਂ ਸਮਪੱਖੀ' ਨਿਆਂ ਹੀ ਕਰਦਾ-।
ਦੋਹਰਾ ਹੈ ਵਿਸ਼ਵਾਸ ਓਸ ਨੂੰ, ਤਾਂਹੀਂ ਆਇਐ ਏਥੇ:-
ਪਹਿਲਾ ਮੈਂ ਕੁਟੰਬੀ ਉਹਦਾ, ਫਿਰ ਮੈਂ ਉਹਦੀ ਰੱਈਅਤ;
ਤੱਗੜੇ ਬੜੇ ਨੇ ਕਾਰਨ ਦੋਵੇਂ, ਇਸ ਕਾਰੇ ਨੂੰ ਰੋਕਣ ਖਾਤਰ:
ਤੇ ਫਿਰ ਮੇਜ਼ਬਾਨ ਹੋ ਉਹਦਾ, ਕਾਤਲ ਨੂੰ ਨਾਂ ਵਾੜਾਂ ਅੰਦਰ,
ਨਾਂ ਹੀ ਖੰਜਰ ਖੁਦ ਉਠਾਕੇ, ਭੰਗ ਭਰੋਸਾ ਕਰਾਂ ਓਸਦਾ-।
ਨਾਲੇ ਡੰਕਨ ਨੇ ਕੁੱਝ ਏਦਾਂ, ਨਿਮਰਤਾ ਸਹਿਤ ਨਿਭਾਈ ਹਕੂਮਤ
ਤਖਤ-ਤਾਜ, ਦਰਬਾਰ ਨੂੰ ਆਪਣੇ, ਲੀਕ ਕਦੇ ਨਹੀਂ ਲਾਈ;
ਗੁਣ, ਵਸਫ ਸਭ ਫਰਿਸ਼ਤੇ ਉਹਦੇ, ਵਿੱਚ ਦਰਗਾਹੇ ਕਰਨ ਵਕਾਲਤ,
ਅਸਰ ਭਰਪੂਰ ਦਲੀਲਾਂ ਅੰਦਰ, ਸਾਜ਼-ਨਫੀਰੀ-ਲੱਜ਼ਤ ਹੋਣੀ:-
ਡੰਕਨ ਨੇਕ ਨੂੰ ਹਸ਼ਰ ਦੇ ਵੇਲ਼ੇ, ਦੋਜ਼ਖ ਉਹਨਾਂ ਜਾਣ ਨਹੀਂ ਦੇਣਾ:
ਨਵ-ਜੰਮਾ, ਨੰਗਾ ਬਾਲ-ਗੋਪਾਲ 'ਤਰਸ' ਜੋ ਆਪਣਾ ਨਾਂਅ ਧਰਾਵੇ,
ਬੇਮੁਹਾਰ ਤੂਫਾਨਾਂ ਸਿਰ ਜੋ ਚੜ੍ਹਿਆ ਆਵੇ,
ਜਾਂ ਨੰਨ੍ਹਾ, ਮਾਸੂਮ ਫਰਿਸ਼ਤਾ, ਮੂੰਹ ਗੋਭਲਾ, ਮੋਹਣੀ ਮੂਰਤ,
ਬੇਲਗਾਮ ਪਵਨ-ਅਸ਼ਵ ਦੀ ਕਰੇ ਸਵਾਰੀ,
ਬੁੱਲ੍ਹਿਆਂ ਦੇ ਅਦ੍ਰਿਸ਼ ਹਰਕਾਰੇ, ਬੇਮੁਹਾਰ, ਬੇਸ਼ੁਮਾਰ ਅੱਗੇ ਲਾਈਂ ਆਵੇ:-
ਖੇਹ ਕੌੜੀ ਉਸ 'ਦੁਰ- ਕਾਰੇ ਵਾਲੀ, ਮੈਂ ਜੋ ਕਰਨਾ, ਬੁਲ੍ਹਿਆਂ ਸੰਗ ਉਡਾਵੇ,-
ਜਨ-ਅੱਖਾਂ ਵਿੱਚ ਐਸੀ ਪਾਵੇ, ਕੁੱਲ ਦੁਨੀ ਕੁਰਲਾਈਂ ਜਾਵੇ:
ਵਾਯੂ ਦੇਵ ਨੂੰ ਹੜ੍ਹ ਹੰਝੂਆਂ ਦਾ ਡੂੰਘੀ ਖਾਈ ਜਾ ਡੁਬਾਵੇ।-
ਮਨਸ਼ਾ-ਅਸ਼ਵ ਸਵਾਰੀ ਕਰਦਾਂ, ਪਰ ਲੋਹ-ਅੱਡੀ ਨਹੀਂ ਰਕਾਬੇ,
ਕੀ ਚੋਭਾਂ ਹੁਣ ਇਹਦੀ ਵੱਖੀ, ਪੰਖ ਏਸ ਨੂੰ ਕਿੱਦਾਂ ਲਾਵਾਂ!
ਅਕਾਂਖਿਆ ਤਾਂ ਕਠ-ਘੋੜੀ
ਉਤੇ ਬੜਕੀ ਜਾਂਦੀ,ਟੱਪ ਖਲੋਣ ਨੂੰ ਫਿਰਦੀ ਉੱਤੋਂ,
ਪਰ ਇਸ ਡਿੱਗਣਾ ਅਗਲੇ ਪਾਸੇ, ਧੌਣ ਭਨਾਉਣੀ ਭੋਂਏਂ ਪੈ ਕੇ।
{ਪ੍ਰਵੇਸ਼ ਲੇਡੀ ਮੈਕਬੈਥ}

ਕੀ ਏ ਹੁਣ ! ਖਬਰ ਏ ਕੋਈ?
ਲੇਡੀ ਮੈਕਬੈਥ:ਭੋਜਨ ਲਗ ਭਗ ਕਰ ਲਿਐ ਉਹਨੇ।
ਤੁਸੀਂ ਭਲਾ ਕਿਉਂ ਬਾਹਰ ਆਏ ?

26