ਪੰਨਾ:Macbeth Shakespeare in Punjabi by HS Gill.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨੋਚਾਂ ਚੂਚੀ ਬੋੜੇ ਮੂੰਹੋਂ, ਧੋਬੀ ਵਾਂਗ ਪੱਥਰ ਤੇ ਮਾਰਾਂ ;
ਰੇਸ਼ਾ ਰੇਸ਼ਾ ਮਗ਼ਜ਼ ਓਸਦਾ ਰੇਤ ਖਿੰਡਾਵਾਂ,ਫਾੜ ਦਿਆਂ ਖਰਬੂਜ਼ੇ ਵਾਂਗੂੰ।
ਮੈਕਬੈਥ:ਪਰ ਜੇ ਸਫਲ ਨਾਂ ਹੋਏ ਆਪਾਂ?
ਲੇਡੀ ਮੈਕਬੈਥ:ਅਸਫਲ-!
'ਢਿੰਬਰੀ' ਕਸੇਂ ਜੇ ਹੌਂਸਲੇ ਵਾਲੀ, ਜਿਉਂ ਇੱਕਤਾਰੇ ਤੰਦ ਕੱਸੀ ਦੀ:
ਅਸਫਲ ਹੋਣ ਦਾ ਅਵਸਰ ਹੈ ਨਹੀਂ।
ਲੰਮੀ ਬੜੀ ਮੁਸਾਫਤ ਪਿੱਛੋਂ, ਥੱਕ ਹਾਰ ਉਸ ਢਹਿਣੈ ਮੰਜੀ,
ਮਿੱਠੜੀ ਨੀਂਦ ਨੇ ਗਾ ਗਾ ਲੋਰੀ, ਵਾਲੀਂ ਉਹਦੇ ਕਰਨੀ ਕੰਘੀ;
ਸੌਂ ਜਾਣਾ ਜਦ ਡੰਕਨ ਰਾਜੇ, ਸੰਤਰੀਆਂ ਨੂੰ ਟੁੰਨ ਮੈਂ ਕਰ ਦੂੰ,
ਪਹਿਲੇ ਤੋੜ ਦੀ ਦਾਰੂ ਵਾਲੇ, ਖੁਸ਼ਬੂ ਵਾਲਾ ਅਰਕ ਮਿਲਾ ਕੇ,
ਜਾਮ ਜਸ਼ਨ ਦੇ ਭਰ ਭਰ ਦੇਣੇ, ਸਿੱਟੀ-ਵਿੱਟੀ ਮੈਂ ਗੁੰਮ ਕਰ ਦੂੰ;
ਚੇਤਾ ਉਡ ਜੂ ਪੰਖ ਲਗਾਕੇ, ਮੱਥੀਂ ਧੂੰਆ ਭਰ ਜੂ,
ਤਰਕ, ਦਲੀਲ, ਸਮਝ, ਤਮੀਜ਼, ਦਾਰੂ-ਭੱਠੀ ਭੱਖਦੀ ਪੈ ਜੂ :
ਸੂਕਰ-ਨੀਂਦ ਜਦ ਸੌਂ ਗੇ ਪੇਟੂ, ਗੜੁੱਚ ਦਾਰੂ ਵਿੱਚ ਹੋ ਕੇ,
ਮੁਰਦਿਆਂ ਵਾਂਗੂ ਲਿਟੇ ਰਹਿਣਗੇ, ਐਸੀ ਮਾੜੀ ਹਾਲਤ ਹੋ ਜੂ;
ਅੰਗ-ਰੱਖਿਅਕ ਨਹੀਂ ਹੋਣਾ ਕੋਈ, ਡੰਕਨ ਰਾਜਾ ਨੰਗਾ ਹੋ ਜੂ;
ਕੀ ਫਿਰ ਆਪਾਂ ਕਰ ਨਹੀਂ ਸਕਦੇ, ਇੱਕ ਦੂਜੇ ਸੰਗ ਮਿਲ ਕੇ?
ਮਹਾਂ ਦੋਸ਼ ਏਸ ਕਤਲ ਦਾ, ਸਿਰ ਨਸ਼ੱਈਆਂ ਮੜ੍ਹ ਨਹੀਂ ਸਕਦੇ?
ਮੈਕਬੈਥ:ਮਰਦ-ਬੱਚੇ ਹੀ ਪੈਦਾ ਕਰਨੇ ਅੱਗੇ ਲਈ ਵੀ ਤੂੰ,
ਲੋਹ-ਅੰਸ਼ ਹੈ ਨਿਡਰ ਮਿੱਟੀ, ਨਰ ਉਪਜਾਵਣ ਵਾਲੀ ਤੇਰੀ!
ਰੰਗ ਦੱਈਏ ਜੇ 'ਸੁੱਤਿਆਂ' ਤਾਈਂ, ਡੰਕਨ ਸ਼ਾਹ ਦੇ ਲਹੂ 'ਚ ਆਪਾਂ,
ਸ਼ਾਹੀ ਆਰਾਮ-ਗਾਹ ਅੰਦਰ ਹੀ , ਏਨ੍ਹਾਂ ਦੇ ਹੀ ਵਰਤ ਕੇ ਖੰਜਰ,
ਗਲ਼ ਡੰਕਨ ਦਾ ਵੱਢ ਦੱਈਏ ਜੇ, ਕਰੀਏ ਕੰਮ ਤਮਾਮ ਜੇ ਆਪਾਂ;
ਮੰਨੂ ਨਹੀਂ ਕੀ ਦੁਨੀਆ ਸਾਰੀ, ਅੰਗ-ਰਕਸ਼ਕਾਂ ਕੀਤਾ ਕਾਰਾ?
ਲੇਡੀ ਮੈਕਬੈਥ:ਹਿੰਮਤ ਕੌਣ ਕਰੂ ਕੁੱਝ ਹੋਰ ਕਹਿਣ ਦੀ,
ਕੋਠੇ ਚੜ੍ਹ ਜਦ ਆਪਾਂ ਪਿੱਟਣੈ, ਕੁਹਰਾਮ ਮਚਾਉਣੈ,
ਮਰਗ ਦਾ ਉਹਦੀ ਮਾਤਮ ਕਰਨੈ, ਰੌਲਾ ਪਾਉਣੈ?
ਮੈਕਬੈਥ:ਮਨ ਮੇਰਾ ਹੁਣ ਪੱਕਾ ਬਣਿਐ, ਦੇਹ-ਧਨੁਖ ਦਾ ਚਿੱਲਾ ਚੜ੍ਹਿਐ,
ਹਰ ਅੰਗ ਪੂਰਾ ਤਣਿਐ ਮੇਰਾ, ਏਸ ਭਿਅੰਕਰ ਕਾਰੇ ਦਾ ਜਿਸ ਕਾਰਕ ਬਣਨੈ।
ਚਲ ਏਥੋਂ ਹੁਣ ਪਹਿਨ ਮਖੌਟਾ, ਖਿੱਲੀ ਸਮੇਂ ਦੀ ਜਾਹ ਉਡਾ,
ਐਸਾ ਸੁੰਦਰ ਕਰ ਵਖਾਵਾ, ਸਮੇਂ ਦੇ ਅੱਖੀਂ ਘੱਟਾ ਪਾ:
ਏੇਸ ਮਖੌਟੇ ਸਭ ਲੁਕ ਜਾਣਾ, ਦਿਲ ਅੰਦਰ ਜੋ ਫਰੇਬ, ਦਗ਼ਾ।
{ਪ੍ਰਸਥਾਨ}

28