ਪੰਨਾ:Mumu and the Diary of a Superfluous Man.djvu/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

44

ਮੂਮੂ

ਬਾਰੀਆਂ ਵਿਚ ਹਿੱਲਦੀਆਂ ਵੇਖੀਆਂ। ਉਸ ਨੇ ਮਹਿਸੂਸ ਕੀਤਾ ਕਿ ਮਾਮਲਾ ਕੁਝ ਗੜਬੜ ਹੈੈ। ਉਹ ਮੂਮੂ ਨੂੰ ਫੜ ਕੇ ਆਪਣੀ ਕੋਠੜੀ ਵਿਚ ਚਲਿਆ ਗਿਆ ਤੇ ਦਰਵਾਜ਼ੇ ਨੂੰ ਕੁੰਡੀ ਲਾ ਲਈ।

ਕੁਝ ਮਿੰਟਾਂ ਬਾਅਦ ਹੀ ਪੰਜ ਜਣਿਆਂ ਨੇ ਉਸ ਦੀ ਕੋਠੜੀ ਵਿਚ ਜ਼ਬਰੀ ਵੜਨ ਦੀ ਕੋਸ਼ਿਸ਼ ਕੀਤੀ ਪਰੰਤੂ ਮਜ਼ਬੂਤ ਕੁੰਡੀ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ ਅਤੇ ਉਹ ਰੁਕ ਗਏ। ਗਵਰੀਲੋ ਭੱਜਿਆ-ਭੱਜਿਆ ਮੌਕੇ 'ਤੇ ਆਇਆ ਸੀ ਅਤੇ ਪੰਜਾਂ ਆਦਮੀਆਂ ਨੂੰ ਸਵੇਰ ਤਕ ਗਰਾਸੀਮ ਦੀ ਕੋਠੜੀ ਅੱਗੇ ਪਹਿਰੇ ਉੱਤੇ ਖੜ੍ਹੇ ਰਹਿਣ ਦਾ ਹੁਕਮ ਦਿੱਤਾ। ਉਸ ਨੇ ਫੇਰ ਮੁਖ ਨੌਕਰਾਣੀ (ਜਿਸ ਨਾਲ ਮਿਲ ਕੇ ਉਹ ਚੋਰੀ ਕਰਿਆ ਕਰਦਾ ਸੀ ਅਤੇ ਚਾਹ, ਮਸਾਲੇ ਤੇ ਹੋਰ ਘਰੇਲੂ ਸਾਮਾਨ ਦੇ ਖਾਤਿਆਂ ਨੂੰ ਵਧਾ ਚੜ੍ਹਾ ਕੇ ਲਿਖ ਦਿੰਦਾ ਸੀ) ਰਾਹੀਂ ਮਾਲਕਣ ਨੂੰ ਸੁਨੇਹਾ ਭੇਜਿਆ ਕਿ ਕੁੱਤਾ ਬਦਕਿਸਮਤੀ ਨਾਲ ਜਿੱਥੇ ਛੱਡਿਆ ਸੀ, ਉੱਥੋਂ ਵਾਪਸ ਆ ਗਿਆ ਸੀ ਪਰ ਕੱਲ੍ਹ ਤਕ ਉਹ ਜ਼ਿੰਦਾ ਨਹੀਂ ਰਹੇਗੀ। ਮਾਲਕਣ ਉਸ ਨੂੰ ਮਾਫ਼ ਕਰ ਦੇਵੇ, ਅਤੇ ਸ਼ਾਂਤ ਰਹੇ।

ਪਰ ਡਾਕਟਰ ਤੋਂ ਗ਼ਲਤੀ ਨਾ ਹੁੰਦੀ ਤਾਂ ਮਾਲਕਣ ਨੇ ਸ਼ਾਇਦ ਇੰਨੀ ਜਲਦੀ ਸ਼ਾਂਤ ਨਹੀਂ ਸੀ ਹੋਣਾ। ਉਸ ਨੇ ਆਪਣੀ ਜਲਦਬਾਜ਼ੀ ਵਿਚ ਸ਼ਰਬਤੀ ਦਵਾ ਦੇ ਪੰਦਰਾਂ ਦੀ ਬਜਾਏ ਚਾਲੀ ਤੁਪਕੇ ਪਿਲਾ ਦਿੱਤੇ ਸਨ। ਦਵਾ ਦੀ ਸ਼ਕਤੀ ਨੇ ਆਪਣਾ ਪ੍ਰਭਾਵ ਦਿਖਾਇਆ। ਮਾਲਕਣ ਪੰਦਰਾਂ ਮਿੰਟਾਂ ਵਿਚ ਗੂੜ੍ਹੀ ਨੀਂਦ ਦੀ ਗੋਦ ਵਿਚ ਸੁੱਤੀ ਪਈ ਸੀ।

ਵਿਚਾਰਾ ਗਰਾਸੀਮ ਆਪਣੇ ਮੰਜੇ 'ਤੇ ਪੂਣੀ ਵਾਂਗ ਬੱਗਾ ਹੋਇਆ ਪਿਆ ਸੀ। ਮੂਮੂ ਨੂੰ ਉਸ ਨੇ ਆਪਣੀ ਜ਼ੋਰ-ਜ਼ੋਰ ਨਾਲ ਧੜਕਦੀ ਹੋਈ ਛਾਤੀ ਨਾਲ ਘੁੱਟਿਆ ਹੋਇਆ ਸੀ।

ਮਾਲਕਣ ਸਵੇਰੇ ਦੇਰ ਨਾਲ ਉੱਠੀ। ਗਵਰੀਲੋ ਉਸ ਨੂੰ ਮਾਮਲਿਆਂ ਦੀ ਰਿਪੋਰਟ ਦੇਣ ਅਤੇ ਗਰਾਸੀਮ ਦੇ ਗੜ੍ਹ 'ਤੇ ਫ਼ੈਸਲਾਕੁਨ ਹਮਲੇ ਲਈ ਆਪਣੇ ਆਦੇਸ਼ ਲੈਣ ਲਈ ਦਲਾਨ ਵਿਚ ਬੈਠਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਕਰਾਰੀਆਂ ਝਿੜਕਾਂ ਖਾਣ ਲਈ ਵੀ ਤਿਆਰ ਕਰ ਰੱਖਿਆ ਸੀ ਪਰ ਝਿੜਕਾਂ ਦੀ ਨੌਬਤ ਨਹੀਂ ਆਈ। ਮਾਲਕਣ ਨੇ ਉਸ ਨੂੰ ਮਿਲਣ ਲਈ ਬੁਲਾਇਆ ਨਹੀਂ। ਬਿਸਤਰ ਵਿਚ ਪਈ ਮਾਲਕਣ ਨੇ ਆਪਣੀ ਮੁਖ ਨੌਕਰਾਣੀ ਨੂੰ ਬੁਲਾਇਆ ਅਤੇ ਇਸ ਤਰ੍ਹਾਂ ਕਮਜ਼ੋਰ, ਨਿਰਾਸ਼ ਅਵਾਜ਼ ਵਿਚ ਬੋਲੀ:

"ਮੇਰੀ ਪਿਆਰੀ ਲਿਊਬੋਵ ਲਿਊਬੀਮੋਵਨਾ" (ਇਹ ਸੀ ਨੌਕਰਾਨੀ ਦਾ ਪੂਰਾ ਨਾਮ) "ਤੈਨੂੰ ਪਤਾ ਹੈ ਮੇਰੀ ਸਿਹਤ ਦੀ ਕੀ ਹਾਲਤ ਹੈ।